ਪੀ.ਏ.ਯੂ. ਦੇ ਵਿਦਿਆਰਥੀਆਂ ਦੀ ਟੀਮ ਨੇ ਰਾਸ਼ਟਰ ਪੱਧਰੀ ਮੁਕਾਬਲਾ ਜਿੱਤਿਆ

ਲੁਧਿਆਣਾ 3 ਜੂਨ : ਪੀ.ਏ.ਯੂ. ਦੇ ਖੇਤੀ ਇੰਜਨੀਅਰਿੰਗ ਕਾਲਜ ਦੇ 25 ਵਿਦਿਆਰਥੀਆਂ ਦੀ ਇਕ ਟੀਮ ਨੇ ਰਾਸ਼ਟਰੀ ਪੱਧਰ ਤੇ ਤਿਫਾਨ 2024 ਮੁਕਾਬਲੇ ਵਿਚ ਸਿਖਰਲਾ ਸਥਾਨ ਹਾਸਲ ਕੀਤਾ ਹੈ| ਪਿਛਲੇ ਸਾਲ ਇਹਨਾਂ ਵਿਦਿਆਰਥੀਆਂ ਨੇ ਇਸ ਮੁਕਾਬਲੇ ਦਾ ਪਹਿਲਾ ਗੇੜ ਜਿੱਤਿਆ ਸੀ| ਚੇਤੇ ਰਹੇ ਕਿ ਤਿਫਾਨ ਰਾਸ਼ਟਰੀ ਪੱਧਰ ਤੇ ਨੌਜਵਾਨ ਖੇਤੀ ਇੰਜਨੀਅਰਾਂ ਵੱਲੋਂ ਕੀਤੀਆਂ ਖੋਜਾਂ ਦਾ ਮੁਕਾਬਲਾ ਹੈ| ਇਸ ਸਾਲ ਇਸ ਮੁਕਾਬਲੇ ਦਾ ਥੀਮ ਸਵੈਚਾਲਿਤ ਕਈ ਸਬਜ਼ੀਆਂ ਬੀਜਣ ਵਾਲੀ ਮਸ਼ੀਨ ਦਾ ਵਿਕਾਸ ਕਰਨਾ ਸੀ| ਇਹ ਮੁਕਾਬਲਾ ਐੱਸ ਏ ਈ ਇੰਡੀਆ ਅਤੇ ਜੌਂਡੀਅਰ ਲਿਮਿਟਡ ਪੂਨੇ ਵੱਲੋਂ ਕਰਵਾਇਆ ਜਾਂਦਾ ਹੈ| ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਡਾ. ਸਤੀਸ਼ ਕੁਮਾਰ ਗੁਪਤਾ, ਡਾ. ਰੋਹਨੀਸ਼ ਖੁਰਾਣਾ, ਡਾ. ਅਨੂਪ ਦੀਕਸ਼ਿਤ ਅਤੇ ਡਾ. ਅਪੂਰਵ ਪ੍ਰਕਾਸ਼ ਦੀ ਨਿਗਰਾਨੀ ਹੇਠ ਕਈ ਸਬਜ਼ੀਆਂ ਬੀਜਣ ਵਾਲੀ ਮਸ਼ੀਨ ਤਿਆਰ ਕੀਤੀ| ਇਸ ਮਸ਼ੀਨ ਨੇ ਮਹਾਂਰਾਸ਼ਟਰ ਦੇ ਰਾਹੂਰੀ ਦੀ ਮਹਾਤਮਾ ਫੂਲੇ ਕ੍ਰਿਸ਼ੀ ਵਿੱਦਿਆਪੀਠ ਵਿਖੇ ਹੋਏ ਮੁਕਾਬਲੇ ਵਿਚ ਹਿੱਸਾ ਲਿਆ ਅਤੇ ਜਿੱਤ ਪ੍ਰਾਪਤ ਕੀਤੀ| ਮੁਕਾਬਲੇ ਦੇ ਜੱਜਾਂ ਨੇ ਪੀ.ਏ.ਯੂ. ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤੀ ਮਸ਼ੀਨ ਦੀ ਬਰੀਕੀ ਨਾਲ ਜਾਂਚ ਕੀਤੀ ਅਤੇ ਇਸ ਮਸ਼ੀਨ ਨੂੰ ਬਿਹਤਰ ਪ੍ਰਦਰਸ਼ਨ ਕਰਨ ਵਾਲੀ ਮਸ਼ੀਨ ਕਰਾਰ ਦਿੰਦਿਆਂ ਇਸਦੀ ਪ੍ਰਸ਼ੰਸ਼ਾਂ ਕੀਤੀ|ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਜਿੱਤ ਉੱਪਰ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਿਦਿਆਰਥੀਆਂ ਦੇ ਉਤਸ਼ਾਹ ਅਤੇ ਹੌਂਸਲੇ ਦੀ ਵਡਿਆਈ ਕੀਤੀ| ਉਹਨਾਂ ਕਿਹਾ ਕਿ ਇਸ ਜਿੱਤ ਨਾਲ ਸਾਬਿਤ ਹੋਇਆ ਹੈ ਕਿ ਪੀ.ਏ.ਯੂ. ਦੇ ਵਿਦਿਆਰਥੀਆਂ ਨੂੰ ਉਸਾਰੂ ਅਤੇ ਖੋਜੀ ਮਾਹੌਲ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਮੁਹੱਈਆ ਕਰਵਾਇਆ ਜਾਂਦਾ ਹੈ| ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਮਨਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਾਲਜ ਵੱਲੋਂ ਇਤਿਹਾਸ ਵਿਚ ਕੀਤੀਆਂ ਪ੍ਰਾਪਤੀਆਂ ਦੀ ਸੂਚੀ ਬੜੀ ਲੰਮੀ ਹੈ ਅਤੇ ਇਹਨਾਂ ਵਿਦਿਆਰਥੀਆਂ ਕੋਲ ਉਸ ਸ਼ਾਨਦਾਰ ਇਤਿਹਾਸ ਨੂੰ ਅੱਗੇ ਵਧਾਉਣ ਦੀ ਔਖੀ ਜ਼ਿੰਮੇਵਾਰੀ ਹੈ|ਡਾ. ਸਤੀਸ਼ ਕੁਮਾਰ ਗੁਪਤਾ ਨੇ ਆਸ ਪ੍ਰਗਟਾਈ ਕਿ ਇਹ ਵਿਦਿਆਰਥੀ ਇਸੇ ਤਰ੍ਹਾਂ ਅਕਾਦਮਿਕ ਖੇਤਰ ਵਿਚ ਪ੍ਰਾਪਤੀ ਕਰਦੇ ਹੋਏ ਕਾਲਜ ਦਾ ਨਾਂ ਅੱਗੇ ਵਧਾਉਣਗੇ| ਇਥੇ ਜ਼ਿਕਰਯੋਗ ਹੈ ਕਿ ਦੇਸ਼ ਭਰ ਦੇ ਇੰਜਨੀਅਰਿੰਗ ਸੰਸਥਾਨਾਂ ਤੋਂ 74 ਟੀਮਾਂ ਇਸ ਮੁਕਾਬਲੇ ਲਈ ਦਰਜ ਹੋਈਆਂ ਸਨ ਜਿਨ੍ਹਾਂ ਵਿੱਚੋਂ 31 ਟੀਮਾਂ ਨੇ ਮੁਕਾਬਲੇ ਲਈ ਕੁਆਲੀਫਾਈ ਕੀਤਾ| ਇੰਜਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਦੀ ਟੀਮ ਪਿਛਲੇ 10 ਮਹੀਨਿਆਂ ਤੋਂ ਲਗਾਤਾਰ ਇਸ ਮਸ਼ੀਨ ਦੇ ਵੱਖ-ਵੱਖ ਪਹਿਲੂਆਂ ਉੱਤੇ ਕੰਮ ਕਰ ਰਹੀ ਸੀ| ਇਸੇ ਕਰਕੇ ਇਸ ਟੀਮ ਨੂੰ ਜੇਤੂ ਐਲਾਨਿਆ ਗਿਆ| ਇਸ ਟੀਮ ਵਿਚ ਸਪਰਸ਼, ਕਰਨ, ਇਸ਼ਰਤ, ਵਸੂਦੇਵ, ਸੁਨੀਲ ਕੁਮਾਰ, ਸੁਮਿਤ ਰਾਜ, ਰਿਆਂਸ਼ੀ, ਯਕਸ਼ਾ ਅਤੇ ਹੋਰ ਵਿਦਿਆਰਥੀ ਸ਼ਾਮਿਲ ਸਨ|