ਪੀ.ਏ.ਯੂ. ਦੇ ਵਿਦਿਆਰਥੀ ਨੂੰ ਪੇਪਰ ਪੇਸ਼ਕਾਰੀ ਲਈ ਸਰਵੋਤਮ ਪੁਰਸਕਾਰ ਮਿਲਿਆ

ਲੁਧਿਆਣਾ 19 ਮਾਰਚ : ਪੀ.ਏ.ਯੂ. ਦੇ ਭੋਜਨ ਅਤੇ ਪੋਸ਼ਣ ਵਿਭਾਗ ਵਿਚ ਪੀ ਐੱਚ ਡੀ ਦੀ ਵਿਦਿਆਰਥਣ ਕੁਮਾਰੀ ਸ਼੍ਰਿਸ਼ਟੀ ਜੋਸ਼ੀ ਨੂੰ ਬੀਤੇ ਦਿਨੀਂ ਰਾਸ਼ਟਰੀ ਕਾਨਫਰੰਸ ਵਿਚ ਪੇਪਰ ਪੇਸ਼ ਕਰਨ ਵਿਚ ਸਰਵੋਤਮ ਐਵਾਰਡ ਮਿਲਿਆ| ਇਹ ਤਿੰਨ ਰੋਜ਼ਾ ਕਾਨਫਰੰਸ ਰਾਜਸਥਾਨ ਦੇ ਸ਼ਹਿਰ ਅਜਮੇਰ ਵਿਚ ਬੀਤੇ ਦਿਨੀਂ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਮਸਾਲਿਆਂ ਬਾਰੇ ਕੇਂਦਰ ਵੱਲੋਂ ਆਯੋਜਿਤ ਕੀਤੀ ਗਈ ਸੀ| ਇਸ ਦੌਰਾਨ ਕੁਮਾਰੀ ਜੋਸ਼ੀ ਨੇ ਕਲੌਂਜੀ ਦੇ ਪੋਸ਼ਕ, ਉਦਯੋਗਿਕ ਅਤੇ ਹੋਰ ਗੁਣਾਂ ਬਾਰੇ ਨਵੀਨ ਖੋਜਾਂ ਸੰਬੰਧੀ ਆਪਣਾ ਪੇਪਰ ਪੇਸ਼ ਕੀਤਾ| ਇਹ ਪੇਪਰ ਸਾਂਝੇ ਰੂਪ ਵਿਚ ਕੁਮਾਰੀ ਸ੍ਰਿਸ਼ਟੀ ਜੋਸ਼ੀ, ਸ਼ਿਖਾ ਮਹਾਜਨ, ਅਰਸ਼ਦੀਪ ਸਿੰਘ ਅਤੇ ਸੋਨਿਕਾ ਸ਼ਰਮਾ ਵੱਲੋਂ ਲਿਖਿਆ ਗਿਆ ਸੀ| ਜ਼ਿਕਰਯੋਗ ਹੈ ਕਿ ਕੁਮਾਰੀ ਜੋਸ਼ੀ ਨੇ ਯੂ ਜੀ ਸੀ ਨੈੱਟ, ਜੂਨੀਅਰ ਖੋਜ ਫੈਲੋਸ਼ਿਪ ਪ੍ਰੀਖਿਆ ਪਾਸ ਕਰਨ ਮਗਰੋਂ ਕਲੋਂਜੀ ਦੇ ਵੱਖ-ਵੱਖ ਰੂਪਾਂ ਤੋਂ ਬਣਨ ਵਾਲੇ ਉਤਪਾਦਾਂ ਸੰਬੰਧੀ ਡਾ. ਸ਼ਿਖਾ ਮਹਾਜਨ ਦੀ ਨਿਗਰਾਨੀ ਹੇਠ ਆਪਣੀ ਪੀ ਐੱਚ ਡੀ ਜਾਰੀ ਰੱਖੀ ਹੋਈ ਹੈ| ਡਾ. ਸ਼ਿਖਾ ਨੇ ਦੱਸਿਆ ਕਿ ਕਲੋਂਜੀ ਦਾ ਪਾਊਡਰ, ਤੇਲ ਆਦਿ ਨੂੰ ਨਵੀਆਂ ਤਕਨੀਕਾਂ ਨਾਲ ਭੋਜਨ ਪਦਾਰਥਾਂ ਵਿਚ ਵਰਤੋਂ ਬਾਰੇ ਇਹ ਵਿਦਿਆਰਥਣ ਆਪਣੀ ਖੋਜ ਕਰ ਰਹੀ ਹੈ| ਭੋਜਨ ਅਤੇ ਪੋਸ਼ਣ ਵਿਭਾਗ ਦੇ ਮੁਖੀ ਡਾ. ਕਿਰਨ ਗਰੋਵਰ ਨੇ ਕੁਮਾਰੀ ਸ਼ਿਖਾ ਦਾ ਖੋਜ ਕਾਰਜ ਪੀ.ਏ.ਯੂ. ਵਿਖੇ ਸਥਾਪਿਤ ਆਈ ਸੀ ਏ ਆਰ ਪੋਸਟ ਹਾਰਵੈਸਟ ਇੰਜਨੀਅਰਿੰਗ ਅਤੇ ਤਕਨਾਲੋਜੀ ਕੇਂਦਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ| ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ ਅਤੇ ਕਮਿਊਨਟੀ ਸਾਇੰਸ ਕਾਲਜ ਦੇ ਡੀਨ ਡਾ. ਕਿਰਨ ਬੈਂਸ ਨੇ ਵਿਦਿਆਰਥੀ ਅਤੇ ਉਸਦੇ ਨਿਗਰਾਨ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ|