ਲੁਧਿਆਣਾ 22 ਮਾਰਚ : ਪੀ ਏ ਯੂ ਦੇ ਸਬਜ਼ੀ ਵਿਗਿਆਨ ਵਿਭਾਗ ਨੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਬੀਤੇ ਦਿਨੀਂ ਸਬਜ਼ੀਆਂ ਦੀ ਪਨੀਰੀ ਪਾਲਣ ਅਤੇ ਸੁਰੱਖਿਅਤ ਕਾਸ਼ਤ ਵਿਸ਼ੇ ਤੇ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆ । ਇਸ ਵਿਚ ਵਿਭਾਗ ਦੇ ਮੁਖੀ ਡਾ: ਤਰਸੇਮ ਸਿੰਘ ਢਿੱਲੋਂ ਮੁਖੀ ਨੇ ਵੱਖ-ਵੱਖ ਸਬਜ਼ੀਆਂ ਜਿਵੇਂ ਕਿ ਟਮਾਟਰ, ਸ਼ਿਮਲਾ ਮਿਰਚ, ਬੈਂਗਣ ਅਤੇ ਖੀਰੇ ਦੀ ਸੁਰੱਖਿਅਤ ਕਾਸ਼ਤ ਦੇ ਮਹੱਤਵ ਬਾਰੇ ਚਰਚਾ ਕੀਤੀ। ਸਿਖਲਾਈ ਪ੍ਰੋਗਰਾਮ ਵਿੱਚ ਰਵਾਇਤੀ ਅਤੇ ਉੱਚ-ਤਕਨੀਕੀ ਨਰਸਰੀ ਉਤਪਾਦਨ ਦੀਆਂ ਵਿਧੀਆਂ ਵੀ ਦੱਸੀਆਂ ਗਈਆਂ। ਡਾ: ਕੁਲਬੀਰ ਸਿੰਘ ਕੋਰਸ ਕੋਆਰਡੀਨੇਟਰ ਨੇ ਸਾਰੇ ਸਿਖਿਆਰਥੀਆਂ ਦਾ ਸੁਆਗਤ ਕੀਤਾ ਅਤੇ ਵਧੀਆ ਸਬਜ਼ੀਆਂ ਦੀ ਪੈਦਾਵਾਰ ਨੂੰ ਯਕੀਨੀ ਬਣਾਉਣ ਲਈ ਸਿਹਤਮੰਦ ਸਬਜ਼ੀਆਂ ਦੀ ਪਨੀਰੀ ਅਤੇ ਸੁਰੱਖਿਅਤ ਕਾਸ਼ਤ ਤਕਨੀਕਾਂ ਨੂੰ ਅਪਣਾਉਣ ਤੇ ਜ਼ੋਰ ਦੇ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਡਾ: ਮਧੂ ਸ਼ਰਮਾ ਨੇ ਵੱਖ-ਵੱਖ ਸਬਜ਼ੀਆਂ ਦੀਆਂ ਫ਼ਸਲਾਂ ਦੀ ਪਨੀਰੀ ਉਗਾਉਣ ਦੀ ਵਿਧੀ ਬਾਰੇ ਦੱਸਿਆ। ਡਾ: ਦਿਲਪ੍ਰੀਤ ਤਲਵਾੜ ਨੇ ਵਿਦਿਆਰਥੀਆਂ ਨੂੰ ਸੁਰੱਖਿਅਤ ਖੇਤੀ ਤਕਨੀਕ ਨੂੰ ਉੱਦਮੀ ਵਜੋਂ ਅਪਣਾਉਣ ਲਈ ਪ੍ਰੇਰਿਤ ਕੀਤਾ। ਡਾ: ਅੰਗਰੇਜ ਸਿੰਘ ਅਤੇ ਡਾ: ਗਿਆਨੇਸ਼ਵਰ ਮਦਨੇ ਨੇ ਹਾਈਡ੍ਰੋਪੋਨਿਕਸ, ਐਰੋਪੋਨਿਕਸ ਸਮੇਤ ਸੁਰੱਖਿਅਤ ਖੇਤੀ ਦੇ ਵੱਖ-ਵੱਖ ਤਰ੍ਹਾਂ ਦੇ ਢਾਂਚਿਆਂ ਬਾਰੇ ਦੱਸਿਆ। ਡਾ: ਸਲੇਸ਼ ਕੁਮਾਰ ਜਿੰਦਲ ਨੇ ਪੋਲੀਨੈੱਟ-ਹਾਊਸ ਵਿੱਚ ਟਮਾਟਰ, ਸ਼ਿਮਲਾ ਮਿਰਚ ਅਤੇ ਖੀਰੇ ਦੀ ਕਾਸ਼ਤ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਡਾ: ਸੁਖਜੀਤ ਕੌਰ ਅਤੇ ਡਾ: ਰੂਪ ਗਿੱਲ ਨੇ ਸੁਰੱਖਿਅਤ ਢਾਂਚੇ ਵਿੱਚ ਸਬਜ਼ੀਆਂ ਦੀਆਂ ਫ਼ਸਲਾਂ ਦੇ ਜੜਗੰਢ ਪ੍ਰਬੰਧਨ ਅਤੇ ਰੋਗਾਂ ਦੀ ਰੋਕਥਾਮ ਬਾਰੇ ਚਰਚਾ ਕੀਤੀ। ਡਾ: ਐਸ ਏ ਐਚ ਪਟੇਲ ਨੇ ਪੰਜਾਬ ਵਿੱਚ ਸੁਰੱਖਿਅਤ ਖੇਤੀ ਦੀ ਮਹੱਤਤਾ ਅਤੇ ਸਥਿਤੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸਿਖਲਾਈ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਭਾਗੀਦਾਰਾਂ ਨੂੰ ਸਰਟੀਫਿਕੇਟ ਵੰਡੇ ਗਏ।