ਲੁਧਿਆਣਾ 24 ਜੁਲਾਈ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਨੇ ਬੀਤੇ ਦਿਨੀਂ ਮੈਸ. ਸ਼ਰਵਾ ਫਾਰਮਾਸੂਟੀਕਲਜ਼, ਮੁਜ਼ੱਫਰਨਗਰ ਨਾਲ ਸੇਬ ਦੇ ਸਿਰਕੇ ਦੀ ਤਕਨਾਲੋਜੀ ਦੇ ਵਪਾਰੀਕਰਨ ਲਈ ਇੱਕ ਸਮਝੌਤਾ ਕੀਤਾ| ਯੂਨੀਵਰਸਿਟੀ ਵੱਲੋਂ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸੰਬੰਧਤ ਫਰਮ ਦੇ ਮਾਲਕ ਸ਼੍ਰੀ ਪੰਕਜ ਨੇ ਆਪੋ-ਆਪਣੀਆਂ ਸੰਸਥਾਵਾਂ ਦੀ ਤਰਫੋਂ ਸਮਝੌਤੇ ਤੇ ਹਸਤਾਖਰ ਕੀਤੇ| ਇਸ ਸਮਝੌਤੇੇ ਅਨੁਸਾਰ ਯੂਨੀਵਰਸਿਟੀ ਇਸ ਤਕਨਾਲੋਜੀ ਦੇ ਵਪਾਰੀਕਰਨ ਲਈ ਸੰਬੰਧਤ ਫਰਮ ਨੂੰ ਅਧਿਕਾਰ ਪੇਸ਼ ਕਰਦੀ ਹੈ | ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਵਧੀਕ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਮਨੇਸ ਨੇ ਮਾਈਕ੍ਰੋਬਾਇਆਲੋਜੀ ਵਿਭਾਗ ਦੇ ਮੁਖੀ ਅਤੇ ਇਸ ਉਤਪਾਦ ਦੇ ਤਕਨੀਕੀ ਮਾਹਿਰ ਡਾ. ਗੁਰਵਿੰਦਰ ਸਿੰਘ ਕੋਚਰ ਨੂੰ ਵਧਾਈ ਦਿੱਤੀ| ਡਾ. ਕੋਚਰ ਨੇ ਕਿਹਾ ਕਿ ਪੀਏਯੂ ਫਰਮੈਂਟੇਡ ਸਿਰਕੇ ਦੀ ਖੋਜ ਵਿੱਚ ਸਰਗਰਮੀ ਨਾਲ ਕਾਰਜਸ਼ੀਲ ਹੈ | ਪੀਏਯੂ ਨੇ ਗੰਨੇ, ਅੰਗੂਰ, ਜਾਮਣ ਅਤੇ ਸੇਬ ਤੋਂ ਸਿਰਕੇ ਦੇ ਉਤਪਾਦਨ ’ਤੇ ਕਈ ਫਰਮੈਂਟੇਸਨ ਤਕਨੀਕਾਂ ਦੀ ਸਿਫਾਰਸ ਕੀਤੀ ਗਈ ਹੈ ਅਤੇ ਇਹਨਾਂ ਦਾ ਵਪਾਰੀਕਰਨ ਕੀਤਾ ਗਿਆ ਹੈ| ਉਹਨਾਂ ਦੱਸਿਆ ਕਿ ਸਿਰਕੇ ਸੰਬੰਧੀ ਖੋਜ ਦਾ ਉਦੇਸ਼ ਕੁਦਰਤੀ ਸਿਰਕੇ ਨੂੰ ਰਵਾਇਤੀ ਫ਼ਲਾਂ ਤੋਂ ਤਿਆਰ ਕਰਨ ਦੇ ਨਾਲ-ਨਾਲ ਪੋਸ਼ਕ ਤੱਤਾਂ ਨੂੰ ਇਸ ਉਤਪਾਦ ਦਾ ਹਿੱਸਾ ਬਨਾਉਣਾ ਹੈ | ਡਾ. ਕੋਚਰ ਨੇ ਕਿਹਾ ਕਿ ਸੇਬ ਦੇ ਸਿਰਕੇ ਦੇ ਸਿਹਤ ਸੰਬੰਧੀ ਗੁਣਾਂ ਕਾਰਨ ਇਸ ਦੀ ਭਾਰੀ ਮੰਗ ਹੈ|ਡਾ. ਗੁਰਸਾਹਿਬ ਸਿੰਘ ਮਨੇਸ, ਨਿਰਦੇਸ਼ਕ ਤਕਨਾਲੋਜੀ ਮਾਰਕੀਟਿੰਗ ਅਤੇ ਆਈ.ਪੀ.ਆਰ. ਸੈੱਲ ਨੇ ਦੱਸਿਆ ਕਿ ਪੀਏਯੂ ਨੇ 326 ਸਮਝੌਤਿਆਂ ’ਤੇ ਹਸਤਾਖਰ ਕੀਤੇ ਹਨ ਅਤੇ ਸਰ੍ਹੋਂ, ਮੱਕੀ, ਮਿਰਚ, ਬੈਂਗਣ, ਬਾਇਓ-ਖਾਦ, ਪੱਤਾ ਰੰਗ ਚਾਰਟ, ਪਾਣੀ ਦੀ ਜਾਂਚ ਕਿੱਟ ਅਤੇ ਹੋਰ ਤਕਨੀਕਾਂ ਦੀਆਂ ਹਾਈਬ੍ਰਿਡ ਲਾਈਨਾਂ ਸਮੇਤ 78 ਤਕਨਾਲੋਜੀਆਂ ਦਾ ਵਪਾਰੀਕਰਨ ਕੀਤਾ ਹੈ|