ਫਰੀਦਕੋਟ 12 ਜੂਨ : ਦਿਨੋਂ ਦਿਨ ਡੂੰਘੇ ਜਾ ਰਹੇ ਧਰਤੀ ਹੇਠਲੇ ਪਾਣੀ ਦੀ ਬੱਚਤ ਲਈ ਅਤੇ ਖੇਤੀ ਖਰਚਾ ਘਟਾ ਕੇ ਵਧੇਰੇ ਮੁਨਾਫਾ ਲੈਣ ਲਈ ਪੰਜਾਬ ਸਰਕਾਰ ਵੱਲੋਂ ਕੱਦੂ ਵਿਧੀ ਰਾਹੀਂ ਝੋਨੇ ਦੀ ਲੁਆਈ ਸਬੰਧੀ ' ਦ ਪੰਜਾਬ ਪ੍ਰਜਰਵੇਸ਼ਨ ਆਫ ਸਬ-ਸਾਇਲ ਵਾਟਰ ਐਕਟ 2009 ਅਧੀਨ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਜਿਲ੍ਹਾ ਫਰੀਦਕੋਟ ਵਿੱਚ ਝੋਨੇ ਦੀ ਲੁਆਈ ਸਬੰਧੀ ਮਿਤੀ 16 ਜੂਨ 2023 ਨਿਸਚਿਤ ਕੀਤੀ ਗਈ ਹੈ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਨੇ ਦਿੱਤੀ। ਜਿਲ੍ਹਾ ਫਰੀਦਕੋਟ ਦੇ ਮੁੱਖ ਖੇਤੀਬਾੜੀ ਅਫਸਰ, ਡਾ. ਕਰਨਜੀਤ ਸਿੰਘ ਗਿੱਲ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਝੋਨੇ ਦੀ ਲੁਆਈ 16 ਜੂਨ 2023 ਤੋਂ ਹੀ ਕਰਨ ਅਤੇ ਜੇਕਰ ਕੋਈ ਵੀ ਕਿਸਾਨ ਝੋਨੇ ਦੀ ਲੁਆਈ ਨਿਸਚਿਤ ਮਿਤੀ ਤੋਂ ਪਹਿਲਾਂ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ' ਦ ਪੰਜਾਬ ਪ੍ਰਜਰਵੇਸ਼ਨ ਆਫ ਸਬ-ਸਾਇਲ ਵਾਟਰ ਐਕਟ 2009 ਅਧੀਨ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਤੋਂ ਇਲਾਵਾ ਡਾ. ਗਿੱਲ ਵੱਲੋਂ ਦੱਸਿਆ ਗਿਆ ਕਿ ਮਿਤੀ 16 ਜੂਨ 2023 ਤੋਂ ਕਿਸਾਨਾਂ ਨੂੰ 8 ਘੰਟੇ ਬਿਜਲੀ ਦੀ ਨਿਰਵਿਘਨ ਸਪਲਾਈ ਮਿਲਣੀ ਸ਼ੁਰੂ ਹੋ ਜਾਵੇਗੀ।