ਨਾਰਕੋ ਕੋਆਰਡੀਨੇਸ਼ਨ ਸੈਂਟਰ ਮੈਕਾਨਿਜ਼ਮ " ਦੀ ਮਹੀਨੇਵਾਰ ਮੀਟਿੰਗ ਦਾ ਆਯੌਜਨ

  • ਜਿਲ੍ਹਾ ਪ੍ਰਸਾਸ਼ਨ ਵਲੋਂ ਮਾਲੇਰਕੋਟਲਾ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆ ਖਿਆਫ ਜ਼ੀਰੋ ਟਾਲਰੈਂਸ ਦੀ ਨੀਤੀ ਅਖਤਿਆਰ- ਵਧੀਕ ਡਿਪਟੀ ਕਮਿਸਨਰ
  • ਹੁਣ ਤੱਕ ਜ਼ਿਲ੍ਹੇ'ਚ 09 ਕਰੋੜ 85 ਲੱਖ 10 ਹਜ਼ਾਰ 242 ਰੁਪਏ ਦੀਆਂ 13 ਨਸ਼ਾ ਤਸਕਰਾਂ ਦੀਆਂ 11 ਜਾਇਦਾਦਾਂ ਸਰਕਾਰ ਦੇ ਨਿਯਮਾਂ ਅਨੁਸਾਰ ਜ਼ਬਤ- ਐਸ.ਪੀ.

ਮਾਲੇਰਕੋਟਲਾ 30 ਜੁਲਾਈ 2024 : ਨਸ਼ਿਆਂ ਦੀ ਰੋਕਥਾਮ ਲਈ ਵਿਭਾਗਾਂ ਵਿੱਚ ਬਿਹਤਰ ਤਾਲਮੇਲ ਦੇ ਉਦੇਸ਼ ਨਾਲ ਗਠਿਤ ਜ਼ਿਲ੍ਹਾ ਪੱਧਰੀ ਕਮੇਟੀ " ਨਾਰਕੋ ਕੋਆਰਡੀਨੇਸ਼ਨ ਸੈਂਟਰ ਮੈਕਾਨਿਜ਼ਮ " ਦੀ ਮੀਟਿੰਗ ਵਧੀਕ ਡਿਪਟੀ ਕਮਿਸਨਰ ਸ੍ਰੀ ਰਾਜਪਾਲ ਸਿੰਘ ਦੀ ਪ੍ਰਧਾਨਗੀ ਵਿੱਚ ਆਯੋਜਿਤ ਕੀਤੀ ਗਈ। ਵਧੀਕ ਡਿਪਟੀ ਕਮਿਸਨਰ ਨੇ ਨਸ਼ਿਆਂ ਦੀ ਸਪਲਾਈ ਚੇਨ ਤੋੜਨ ਦੇ ਨਾਲ-ਨਾਲ ਡਿਮਾਂਡ (ਮੰਗ) ਨੂੰ ਖਤਮ ਕਰਨ ਲਈ ਯਤਨਾਂ ’ਚ ਤੇਜ਼ੀ ਲਿਆਉਣ ਤੇ ਜੋਰ ਦਿੰਦਿਆ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਡਿਪਟੀ ਕਮਿਸ਼ਨਰ ਡਾ ਪੱਲਵੀ ਦੀ ਅਗਵਾਈ ਹੇਠ ਨਸ਼ਿਆ ਖਿਆਫ ਜ਼ੀਰੋ ਟਾਲਰੈਂਸ ਦੀ ਨੀਤੀ ਅਖਤਿਆਰ ਕੀਤੀ ਹੈ ਤਾਂ ਜੋ ਜ਼ਿਲ੍ਹੇ ਨੂੰ ਨਸ਼ਾ ਮੁਕਤ ਜ਼ਿਲ੍ਹਾ ਬਣਾਇਆ ਜਾ ਸਕੇ । ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਨਸ਼ਿਆਂ ਦੀ ਮਾਰ ਤੋਂ ਬਚਾਉਣ ਲਈ ਸਾਰਿਆਂ ਨੂੰ ਆਪਣੀ ਸਮਾਜਿਕ ਜਿੰਮੇਵਾਰੀ ਸਮਝਦੇ ਹੋਏ ਇੱਕਮੁੱਠ ਹੋਕੇ ਆਪਣੀ ਆਵਾਜ ਬੁਲੰਦ ਕਰਨ ਦਾ ਸੱਦਾ ਦਿੱਤਾ । ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨੌਜਵਾਨਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਨ ਅਤੇ ਉਨ੍ਹਾਂ ਦੀ ਉਚਿੱਤ ਸਮੇਂ ਤੇ ਪੁਖੱਤਾ ਕੌਂਸਲਿੰਗ, ਧਾਰਮਿਕ ਸਿੱਖਿਆ ਨਾਲ ਜੋੜਨ, ਅਤੇ ਉਨ੍ਹਾਂ ਦੀ ਉਰਜਾ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਲਈ ਕਿਹਾ। ਐਸ.ਪੀ.ਸਵਰਨਜੀਤ ਕੌਰ ਨੇ ਸਮਾਜ ਨੂੰ ਨਸ਼ਾ ਮੁਕਤ ਸਮਾਜ ਬਣਾਉਣ ਲਈ ਵਿੱਦਿਅਕ ਅਦਾਰਿਆਂ,ਪਿੰਡਾਂ/ਸ਼ਹਿਰਾਂ ਦੀਆਂ ਸਾਂਝੇ ਸਥਾਨਾਂ ਆਦਿ ਵਿਖੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਨਾਟਕ/ਸਕਿੱਟ ਜਾਂ ਹੋਰ ਗਤੀਵਿਧੀਆਂ ਦਾ ਆਯੌਜਨ ਕਰਨ ਤੇ ਜੋਰ ਦਿੱਤਾ ਅਤੇ ਕਿਹਾ ਕਿ ਇਸ ਸਾਂਝੇ ਕਾਰਜ'ਚ ਔਰਤਾਂ ਨੂੰ ਅੱਗੇ ਆਉਣ ਦੀ ਸਲਾਹ ਦਿੱਤੀ । ਜੇਕਰ ਕਿਸੇ ਵਿਅਕਤੀ ਨੂੰ ਕੋਈ ਸੱਕੀ ਅਨਸਰ ਸਮਾਜ ਵਿੱਚ ਵਿਖਾਈ ਦਿੰਦਾ ਹੈ ਤਾਂ ਉਸ ਸਬੰਧੀ ਜਾਣਕਾਰੀ ਪੁਲਿਸ ਹੈਲਪ ਲਾਈਨ ਤੇ ਦਿੱਤੀ ਜਾ ਸਕਦੀ ਹੈ। ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ, ਪਤਾ ਆਦਿ ਗੁਪਤ ਰੱਖਿਆ ਜਾਂਦਾ ਹੈ। ਉਨ੍ਹਾਂ ਸਮਾਜ ਵਿਰੋਧੀ ਅਨਸਰਾਂ ਦਾ ਸਮਾਜਿਕ ਬਾਈਕਾਟ ਕਰਨ ਦੀ ਵੀ ਸਲਾਹ ਦਿੱਤੀ। ਐਸ.ਪੀ.ਨੇ ਪੁਲਿਸ ਵਿਭਾਗ ਦੀ ਕਾਰਜਗੁਜਾਰੀ ਦਿੰਦਿਆ ਦੱਸਿਆ ਕਿ ਜਨਵਰੀ 2024 ਤੋਂ ਹੁਣ ਤੱਕ ਜ਼ਿਲ੍ਹੇ ’ਚ ਐਨ.ਡੀ.ਪੀ.ਐਸ ਐਕਟ ਤਹਿਤ 103 ਮੁਕੱਦਮਿਆਂ ’ਚ 137 ਦੋਸ਼ੀਆਂ ਦੀ ਗ੍ਰਿਫ਼ਤਾਰ ਕੀਤੇ ਗਏ ਹਨ। ਉਨ੍ਹਾਂ ਨਸ਼ਾ ਬਰਾਮਦਗੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਮੁਕੱਦਮਿਆਂ ’ਚ ਕਰੀਬ 01 ਲੱਖ 16 ਹਜ਼ਾਰ ਰੁਪਏ ਦੀ ਡਰੱਗ ਮਨੀ, 596 ਕਿੱਲੋ 500 ਗਰਾਮ ਭੁੱਕੀ, 3675 ਗੋਲੀਆਂ/ਕੈਪਸੂਲ, 02 ਕਿਲੋ 112 ਗ੍ਰਾਮ ਹੈਰੋਇਨ,07 ਸ਼ੀਸ਼ੀਆਂ,21 ਕਿਲੋ620 ਗਰਾਮ ਅਫੀਮ, 02ਕਿਲੋਂ 870 ਗਰਾਮ ਸੁਲਫਾ ਅਤੇ 13 ਕਿਲੋਂ 800 ਗਰਾਮ ਹਰੇ ਪੌਦੇ(ਖਸਖਸ) ਅਤੇ 22 ਵਹੀਕਲ ਸ਼ਾਮਲ ਹਨ।  ਕਮਰਸ਼ੀਅਲ ਮੁਕੱਦਮਿਆ ਤਹਿਤ 07 ਮੁਕੱਦਮੇ ਦਰਜ ਕਰਕੇ 13 ਦੋਸ਼ੀ ਗ੍ਰਿਫਤਾਰ ਕੀਤੇ ਗਏ ਹਨ । ਜਿਨ੍ਹਾਂ ਕੋਲੋਂ 20 ਕਿਲੋ ਅਫੀਮ,372 ਗਰਾਮ ਪੋਪੀ ਹਸਕ,585 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ, ਉਨ੍ਹਾਂ ਦੱਸਿਆ ਕਿ ਮਹੀਨਾ ਜੁਲਾਈ 2024 ਦੌਰਾਨ ਵਿਭਾਗ ਵਲੋਂ ਉਕਤ ਕੇਸਾਂ, ਬਰਾਮਦਗੀ ਵਿੱਚੋਂ  07 ਕੇਸ ਦਰਜ ਕਰਕੇ 08 ਦੋਸ਼ੀਆਂ ਨੂੰ ਗਿਰਫਤ ਵਿੱਚ ਲਿਆ ਹੈ, ਜਿਨ੍ਹਾਂ ਪਾਸੋਂ 36 ਕਿਲੋਂ ਪੋਪੀ ਹਸਕ, 300 ਗਰਾਮ ਸੁਲਫਾ,85 ਗਰਾਮ ਹੈਰੋਇਨ, ਇੱਕ ਵਹੀਕਲ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਆਬਕਾਰੀ ਤੇ ਕਰ ਵਿਭਾਗ ਵਲੋਂ ਕਰੀਬ 1132 ਲੀਟਰ ਲਾਹਣ,73 ਬੋਤਲਾ ਦੇਸੀ ਸਰਾਬ,12 ਬੋਤਲਾਂ ਚੰਡੀਗੜ੍ਹ ਮਾਰਕਾ ਵੱਖ ਵੱਖ ਨਾਕੇ ਲਗਾਕੇ ਤਸਕਰਾਂ ਤੋਂ ਬਰਾਮਦ ਕੀਤੀਆਂ ਹਨ । ਇਸ ਤੋਂ ਇਲਾਵਾ ਪੁਲਿਸ ਵਿਭਾਗ ਵਲੋਂ ਵੱਖ ਵੱਖ ਵਿਭਾਗਾਂ ਦੀ ਸਹਾਇਤਾਂ ਨਾਲ 150 ਸੈਮੀਨਾਰ ਵੀ ਆਯੋਜਤ ਕੀਤੇ ਗਏ ਹਨ ਤਾਂ ਜੋ ਇਸ ਅਆਮਤ ਵਿਰੁੱਧ ਆਵਾਜ ਬੁਲੰਦ ਕੀਤੀ ਜਾ ਸਕੇ । ਹੁਣ ਤੱਕ ਵਿਭਾਗ ਵਲੋਂ 13 ਨਸ਼ਾ ਤਸਕਰਾਂ ਦੀਆਂ 11 ਜਾਇਦਾਦਾ ਬਾਬਤ ਰਕਮ ਕਰੀਬ 09 ਕਰੋੜ 85 ਲੱਖ 10 ਹਜਾਰ 242 ਰੁਪਏ ਜਬਤ ਕੀਤੀਆਂ ਹਨ। ਇਸ ਮੌਕੇ ਜ਼ਿਲਾ ਸਿਹਤ ਅਫਸਰ ਡਾ. ਪੁਨੀਤ ਸਿੱਧੂ, ਖੇਤੀਬਾੜੀ ਵਿਕਾਸ ਅਫਸਰ ਡਾ. ਕੁਲਦੀਪ ਕੌਰ, ਆਬਕਾਰੀ ਅਤੇ ਕਰ ਇੰਸਪੈਕਟਰ ਜਸਵਿੰਦਰ ਕੌਰ, ਜ਼ਿਲ੍ਹਾ ਖੇਡ ਅਫਸਰ ਗੁਰਦੀਪ ਸਿੰਘ,  ਤਹਿਸੀਲ ਸਮਾਜਿਕ ਨਿਆ ਅਫਸਰ ਹਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ।