ਐੱਨਆਰਆਈ ਆਪਣੇ ਦਸਤਾਵੇਜ਼ ਕਾਊਂਟਰ ਸਾਇਨ ਕਰਵਾਉਣ ਲਈ 25 ਅਗਸਤ ਤੋਂ ਈ-ਸਨਦ ਪੋਰਟਲ http://esanad.nic.in ਉੱਤੇ ਕਰ ਸਕਦੇ ਹਨ ਅਪਲਾਈ, ਡਿਪਟੀ ਕਮਿਸ਼ਨਰ

  • ਕਾਊਂਟਰ ਸਾਇਨ ਹੋਣ ਉਪਰੰਤ ਈਮੇਲ ਅਤੇ ਹੋਰ ਮਾਧਿਅਮਾਂ ਰਾਹੀਂ ਅਰਜ਼ੀਕਰਤਾ ਨੂੰ ਮਿਲ ਜਾਣਗੇ ਦਸਤਾਵੇਜ਼
  • ਹੁਣ ਐੱਨ. ਆਰ. ਆਈ. ਪੰਜਾਬੀਆਂ ਨੂੰ ਕਾਊਂਟਰ ਸਾਈਨਾਂ ਲਈ ਸਰਕਾਰੀ ਦਫ਼ਤਰਾਂ ਵਿੱਚ ਜਾਣ ਦੀ ਲੋੜ ਨਹੀਂ 

ਬਰਨਾਲਾ, 23 ਅਗਸਤ 2024 : ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਆਈ.ਏ.ਐਸ. ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਨ. ਆਰ.ਆਈ. ਪੰਜਾਬੀਆਂ ਨੂੰ ਹੁਣ ਆਪਣੇ ਜ਼ਰੂਰੀ ਦਸਤਾਵੇਜ਼ਾਂ ਨੂੰ ਕਾਊਂਟਰ ਸਾਇਨ ਕਰਵਾਉਣ ਲਈ ਸਰਕਾਰੀ ਦਫ਼ਤਰਾਂ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ। ਇਸ ਪੋਰਟਲ ਨੂੰ ਲਾਂਚ ਕਰਦਿਆਂ ਉਨ੍ਹਾਂ ਕਿਹਾ ਕਿ ਐੱਨ.ਆਰ ਆਈ ਲੋਕਾਂ ਦੀ ਇਸ ਖੱਜਲ ਖ਼ੁਆਰੀ ਨੂੰ ਖ਼ਤਮ ਕਰਨ ਲਈ ਸਰਕਾਰ ਵੱਲੋਂ ਇੱਕ ਆਨਲਾਈਨ ਈ-ਸਨਦ ਪੋਰਟਲ http://esanad.nic.in ਬਣਾ ਦਿੱਤਾ ਗਿਆ ਹੈ, ਜਿਸ ਰਾਹੀਂ ਇਹ ਕੰਮ ਹੁਣ ਘਰ ਬੈਠੇ ਹੀ ਹੋ ਜਾਇਆ ਕਰੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 25 ਅਗਸਤ, 2024 ਤੋਂ ਐੱਨ. ਆਰ. ਆਈ. ਪੰਜਾਬੀ ਆਪਣੇ ਜਨਮ ਸਰਟੀਫਿਕੇਟ, ਵਿਆਹ ਸਰਟੀਫਿਕੇਟ, ਡਰਾਈਵਿੰਗ ਲਾਇਸੈਂਸ ਸਮੇਤ ਵੱਖ-ਵੱਖ ਦਸਤਾਵੇਜ਼ ਕਾਊਂਟਰ ਸਾਇਨ ਕਰਵਾਉਣ ਲਈ ਈ-ਸਨਦ ਪੋਰਟਲ http://esanad.nic.in ਉੱਤੇ ਆਨਲਾਈਨ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅਜਿਹੀਆਂ ਅਰਜ਼ੀਆਂ ਹੁਣ ਸੇਵਾ ਕੇਂਦਰਾਂ ਵਿੱਚ ਨਹੀਂ ਲਈਆਂ ਜਾਣਗੀਆਂ। ਆਨਲਾਈਨ ਅਪਲਾਈ ਕਰਨ ਉੱਤੇ ਅਰਜ਼ੀਕਰਤਾ ਨੂੰ ਇਕ ਰਸੀਦ ਨੰਬਰ ਮਿਲ ਜਾਇਆ ਕਰੇਗਾ। ਹਰੇਕ ਪੱਧਰ ਦੀ ਕਾਰਵਾਈ ਆਨਲਾਈਨ ਹੋਇਆ ਕਰੇਗੀ। ਇਥੋਂ ਤੱਕ ਕਿ ਅਰਜ਼ੀਕਰਤਾ ਨੂੰ ਚੰਡੀਗੜ੍ਹ ਜਾਂ ਦਿੱਲੀ ਵੀ ਨਹੀਂ ਜਾਣਾ ਪਵੇਗਾ। ਕਾਊਂਟਰ ਸਾਇਨ ਹੋਣ ਉਪਰੰਤ ਦਸਤਾਵੇਜ਼ ਈਮੇਲ ਅਤੇ ਹੋਰ ਮਾਧਿਅਮਾਂ ਰਾਹੀਂ ਅਰਜ਼ੀਕਰਤਾ ਨੂੰ ਮਿਲ ਜਾਇਆ ਕਰੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਹਿਲਾਂ ਅਰਜ਼ੀਕਰਤਾ ਸੇਵਾ ਕੇਂਦਰ ਵਿੱਚ ਜਾ ਕੇ ਖੁਦ ਅਪਲਾਈ ਕਰਦਾ ਸੀ। ਉਸ ਤੋਂ ਬਾਅਦ ਉਸਨੂੰ ਆਪਣੀ ਅਰਜ਼ੀ ਲੈ ਕੇ ਚੰਡੀਗੜ੍ਹ ਅਤੇ ਪਟਿਆਲਾ ਹਾਊਸ, ਦਿੱਲੀ ਵੀ ਖੁਦ ਹੀ ਜਾਣਾ ਪੈਂਦਾ ਸੀ। ਇਸ ਨਾਲ ਉਹਨਾਂ ਦਾ ਸਮਾਂ ਅਤੇ ਪੈਸੇ ਦੀ ਬਰਬਾਦੀ ਦੇ ਨਾਲ-ਨਾਲ ਕਾਫੀ ਖੱਜਲ ਖ਼ੁਆਰੀ ਹੁੰਦੀ ਸੀ। ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਸਮੂਹ ਐੱਨ. ਆਰ. ਆਈ. ਪੰਜਾਬੀਆਂ ਨੂੰ ਇਸ ਸਹੂਲਤ ਦਾ ਲਾਭ ਲੈਣ ਦੀ ਅਪੀਲ ਕੀਤੀ ਹੈ। ਇਸ ਮੌਕੇ ਜ਼ਿਲ੍ਹਾ ਸੂਚਨਾ ਅਤੇ ਵਿਗਿਆਨ ਅਫਸਰ ਸ਼੍ਰੀ ਜੌਨੀ, ਸੁਪਰਡੈਂਟ ਗ੍ਰੇਡ 1 ਮੈਡਮ ਪਰਮਿੰਦਰ ਕੌਰ, ਐਮ ਏ ਪ੍ਰਿਤਪਾਲ ਸਿੰਘ ਅਤੇ ਹੋਰ ਲੋਕ ਹਾਜ਼ਰ ਸਨ।