- ਖੇਡ ਮੰਤਰੀ ਨੇ ਪਿੰਡ ਬਡਬਰ ਅਤੇ ਹਰੀਗੜ੍ਹ ਵਿੱਚ 73 ਲੱਖ ਦੀ ਲਾਗਤ ਵਾਲੇ ਸਪੋਰਟਸ ਪਾਰਕਾਂ ਦੇ ਨੀਂਹ ਪੱਥਰ ਰੱਖੇ
- ਕਿਹਾ, ਪਿੰਡ ਹਰੀਗੜ੍ਹ ਤੋਂ ਨਹਿਰੀ ਮੋਘੇ ਦੀ ਸਹੂਲਤ ਛੇਤੀ
ਧਨੌਲਾ, 7 ਜੂਨ : ਬਰਨਾਲਾ ਦੇ ਪਿੰਡਾਂ ਵਿੱਚ ਜਿੱਥੇ ਨੌਜਵਾਨੀ ਨੂੰ ਖੇਡਾਂ ਵਿੱਚ ਮੋਹਰੀ ਬਣਾਉਣ ਲਈ ਸਪੋਰਟਸ ਪਾਰਕ ਬਣਾਏ ਜਾ ਰਹੇ ਹਨ, ਓਥੇ ਪਿੰਡਾਂ ਵਿੱਚ ਨਹਿਰੀ ਕੰਮਾਂ ਅਤੇ ਬੁਨਿਆਦੀ ਸਹੂਲਤਾਂ 'ਤੇ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ। ਇਹ ਪ੍ਰਗਟਾਵਾ ਖੇਡ, ਯੁਵਕ ਸੇਵਾਵਾਂ ਤੇ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪਿੰਡ ਬਡਬਰ ਵਿੱਚ 40 ਲੱਖ ਦੀ ਲਾਗਤ ਨਾਲ ਸਪੋਰਟਸ ਪਾਰਕ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਇਸ ਮਗਰੋਂ ਉਨ੍ਹਾਂ ਪਿੰਡ ਹਰੀਗੜ੍ਹ ਵਿੱਚ 33.12 ਲੱਖ ਦੀ ਲਾਗਤ ਵਾਲੇ ਸਪੋਰਟਸ ਪਾਰਕ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਉਨ੍ਹਾਂ ਆਖਿਆ ਕਿ ਖੇਡ ਪਾਰਕ ਬਣਾਉਣ ਤੋਂ ਇਲਾਵਾ ਬਰਨਾਲਾ ਹਲਕੇ ਦੇ ਪਿੰਡਾਂ ਵਿਚ ਕਰੀਬ 80 ਕਰੋੜ ਦੇ ਨਹਿਰੀ ਮਹਿਕਮੇ ਦੇ ਕੰਮ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਰਨਾਲਾ ਦੇ ਪਿੰਡਾਂ ਦਾ ਕੋਈ ਜ਼ਮੀਨਦੋਜ ਪਾਈਪਲਾਈਨ ਦਾ ਕੰਮ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿੰਡ ਹਰੀਗੜ੍ਹ ਤੋਂ ਨਹਿਰੀ ਮੋਘੇ ਦੀ ਸਹੂਲਤ ਛੇਤੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਹਰੀਗੜ੍ਹ ਦੇ ਛੱਪੜ ਦੀ ਥਾਪਰ ਮਾਡਲ ਵਜੋਂ ਪੁਨਰ ਸੁਰਜੀਤੀ ਲਈ ਗਰਾਂਟ ਵੀ ਛੇਤੀ ਜਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪੇਂਡੂ ਵਿਕਾਸ ਦੇ ਫੰਡ ਰੋਕਣ ਕਰਕੇ ਪੇਂਡੂ ਸੜਕਾਂ ਬਣਾਉਣ ਵਿੱਚ ਦੇਰੀ ਹੋ ਰਹੀ ਹੈ ਤੇ ਇਸ ਮਸਲੇ ਦੇ ਹੱਲ ਲਈ ਪੂਰੀ ਚਾਰਾਜੋਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਪਿੰਡ ਵਿੱਚ ਥਾਪਰ ਮਾਡਲ ਲਿਆ ਕੇ ਗੰਦੇ ਪਾਣੀ ਦੇ ਮਸਲੇ ਨੂੰ ਹੱਲ ਕੀਤਾ ਜਾਵੇਗਾ ਤੇ ਵੱਡੀ ਗਿਣਤੀ ਪਿੰਡਾਂ ਵਿੱਚ ਇਹ ਪ੍ਰੋਜੈਕਟ ਸ਼ੁਰੂ ਕਰ ਦਿੱਤੇ ਗਏ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਸਹਾਇਕ ਕਮਿਸ਼ਨਰ ਸੁਖਪਾਲ ਸਿੰਘ, ਬੀਡੀਪੀਓ ਪਰਵੇਸ਼ ਕੁਮਾਰ, ਓਐਸਡੀ ਹਸਨਪ੍ਰੀਤ ਭਾਰਦਵਾਜ ਤੇ ਪੰਚਾਇਤੀ ਰਾਜ ਅਧਿਕਾਰੀ ਤੇ ਹੋਰ ਪਤਵੰਤੇ ਹਜ਼ਾਰ ਸਨ।