- ਪੰਜਾਬੀ ਬਾਗ਼ ਕਲੋਨੀ ਅਤੇ ਪੀਰੂ ਬੰਦਾ ਮੁਹੱਲਾ 'ਚੋਂ ਹਾਈਟੈਂਸ਼ਨ ਤਾਰਾਂ ਹਟਾਉਣ ਦਾ ਕੰਮ ਸ਼ੁਰੂ
- ਇਲਾਕਾ ਨਿਵਾਸੀਆਂ ਦੀ ਚਿਰੌਕਣੀ ਮੰਗ ਹੋਈ ਪੂਰੀ - ਵਿਧਾਇਕ ਚੌਧਰੀ ਮਦਨ ਲਾਲ ਬੱਗਾ
ਲੁਧਿਆਣਾ, 02 ਜਨਵਰੀ (ਰਘਵੀਰ ਸਿੰਘ ਜੱਗਾ) : ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਨਵੇਂ ਸਾਲ ਦੇ ਤੋਹਫ਼ੇ ਵਜੋਂ, ਵਾਰਡ ਨੰਬਰ 84 ਅਤੇ 89 'ਚ ਪੈਂਦੇ ਪੰਜਾਬੀ ਬਾਗ਼ ਕਲੋਨੀ ਅਤੇ ਪੀਰੂ ਬੰਦਾ ਮੁਹੱਲਾ ਵਿੱਚੋਂ ਜੋ ਹਾਈਟੈਂਸ਼ਨ 11000 ਵੋਲਟੇਜ ਦੀਆਂ ਤਾਰਾਂ ਮੁਹੱਲਾ ਨਿਵਾਸੀਆਂ ਦੇ ਘਰਾਂ ਉਪਰੋਂ ਲੰਘ ਰਹੀਆਂ ਸਨ, ਨੂੰ ਹਟਾਉਣ ਦੀ ਸ਼ੁਰੂਆਤ ਕੀਤੀ ਗਈ। ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਹਲਕੇ ਦੇ ਵਸਨੀਕਾਂ ਨੂੰ ਨਵੇਂ ਸਾਲ ਦੀ ਮੁਬਾਰਬਾਦ ਦਿੰਦਿਆਂ ਕਿਹਾ ਕਿ ਇਲਾਕਾ ਨਿਵਾਸੀਆਂ ਦੀ ਇਹ ਚਿਰੌਕਣੀ ਮੰਗ ਸੀ ਜਿਸ ਨੂੰ ਬੂਰ ਪਿਆ ਹੈ। ਉਨ੍ਹਾ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦਿਆਂ ਵਿੱਚੋਂ ਇੱਕ ਹੋਰ ਵਾਅਦਾ ਪੁਗਾਇਆ ਗਿਆ ਹੈ ਜਿਸ 'ਤੇ ਕਰੀਬ 20 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਤਹਿਤ ਹਾਈਵੇਲਟੇਜ ਤਾਰਾਂ ਨੂੰ ਡਾਈਵਰਟ ਕੀਤਾ ਜਾਵੇਗਾ ਜਿਸ ਨਾਲ ਕਰੀਬ 250 ਤੋਂ 300 ਪਰਿਵਾਰਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਤਾਰਾਂ ਕਰਕੇ ਬੀਤੇ ਸਮੇਂ ਵਿੱਚ ਕਈ ਮੰਦਭਾਗੀਆਂ ਘਟਨਾਵਾਂ ਵੀ ਵਾਪਰੀਆਂ ਸਨ ਜਿਨ੍ਹਾ ਦੀ ਭਰਪਾਈ ਕਰਨਾ ਬੇਹੱਦ ਮੁਸ਼ਕਿਲ ਹੈ। ਇਲਾਕਾ ਨਿਵਾਸੀਆਂ ਵਲੋਂ ਵੀ ਆਪਣੇ ਹਰਮਨ ਪਿਆਰੇ ਵਿਧਾਇਕ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਵਸਨੀਕਾਂ ਦਾ ਮਾਣ ਹਨ, ਵਿਧਾਇਕ ਬੱਗਾ ਜੋ ਕਹਿੰਦੇ ਹਨ ਉਹ ਕਰਕੇ ਵੀ ਵਿਖਾਉਂਦੇ ਹਨ। ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਮ ਜਨਤਾ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਚੋਣਾਂ ਦੌਰਾਨ ਕੀਤਾ ਹਰ ਵਾਅਦਾ ਇੱਕ-ਇੱਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ਜੋਨਲ ਕਮਿਸ਼ਨਰ ਨੀਰਜ ਜੈਨ, ਐਕਸੀਅਨ ਅਰਵਿੰਦ ਅਗਰਵਾਲ, ਐਸ.ਡੀ.ਓ. (ਪੀ.ਐਸ.ਪੀ.ਸੀ.ਐਲ.) ਸ਼ਿਵ ਕੁਮਾਰ, ਕੁਲਦੀਪ ਸਿੰਘ ਦੂਆ, ਅਮਨ ਬੱਗਾ ਖੁਰਾਨਾ, ਦਲਜੀਤ ਸਿੰਘ ਬਿੱਟੂ, ਚਮਕੌਰ ਸਿੰਘ, ਜੱਗੂ ਚੋਪੜਾ, ਗਿਆਨੀ ਹਰਦੀਪ ਸਿੰਘ, ਸੁਰਿੰਦਰ ਰਾਣਾ, ਦਿਨੇਸ਼ ਸ਼ਰਮਾ, ਕੁਲਵਿੰਦਰ ਢਿੱਲੋਂ, ਸ਼ਾਮ ਚਿਤਕਾਰਾ, ਪਰਮਜੀਤ ਪੰਮਾ, ਰਾਜੂ ਕਪੂਰ, ਰਾਜੂ ਸਿੱਧੂ, ਵਿਨੋਦ ਬਿੱਟੂ, ਆਸ਼ੂ ਵਰਮਾ, ਸੁਖਵਿੰਦਰ ਸੋਹਲ, ਕਾਲਾ ਔਜਲਾ ਤੇ ਹੋਰ ਮੌਜੂਦ ਸਨ।