ਮੁੱਲਾਂਪੁਰ ਦਾਖਾ,18 ਜੁਲਾਈ (ਸਤਵਿੰਦਰ ਸਿੰਘ ਗਿੱਲ) : ਆਂਗਣਵਾੜੀ ਇੰਪਲਾਈਜ ਫੈਡਰੇਸ਼ਨ ਆਫ਼ ਇੰਡੀਆ ਦੇ ਸੱਦੇ ਤੇ 28 ਜੁਲਾਈ ਨੂੰ ਕੇਂਦਰ ਸਰਕਾਰ ਦੇ ਖਿਲਾਫ ਜੰਤਰ ਮੰਤਰ ਦਿੱਲੀ ਵਿਖੇ ਦੇਸ਼ ਪੱਧਰੀ ਰੋਸ ਪ੍ਰਦਰਸ਼ਨ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਕੀਤਾ ਜਾਵੇਗਾ । ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਪੁੱਜਣਗੀਆਂ। ਇਹ ਜਾਣਕਾਰੀ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜ਼ਿਲਾ ਪ੍ਰਧਾਨ ਗੁਰਅਮਿ੍ਰੰਤ ਕੌਰ ਲੀਹਾਂ ਅਤੇ ਬਲਾਕ ਪ੍ਰਧਾਨ ਬੀਬੀ ਮਨਜੀਤ ਕੌਰ ਢਿੱਲੋਂ ਬਰਸਾਲ ਨੇ ਪ੍ਰੈਸ ਨੂੰ ਦਿੱਤੀ । ਉਹਨਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਅਤੇ ਹੈਲਪਰਾਂ ਨੂੰ ਚੋਥੇ ਦਰਜੇ ਦਾ ਗਰੇਡ ਦਿੱਤਾ ਜਾਵੇ । ਜਿੰਨਾ ਚਿਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮ ਦਾ ਦਰਜਾ ਨਹੀਂ ਦਿੱਤਾ ਜਾਂਦਾ ਉਨ੍ਹਾਂ ਚਿਰ ਕੇਂਦਰੀ ਕਾਨੂੰਨ ਮੁਤਾਬਿਕ ਘੱਟੋ ਘੱਟ ਉਜਰਤਾ ਅਨੁਸਾਰ ਆਂਗਣਵਾੜੀ ਵਰਕਰਾਂ ਨੂੰ 28258 ਰੁਪਏ ਅਤੇ ਆਂਗਣਵਾੜੀ ਹੈਲਪਰਾਂ ਨੂੰ 25560 ਰੁਪਏ ਮਾਣ ਭੱਤਾ ਹਰ ਮਹੀਨੇ ਦਿੱਤਾ ਜਾਵੇ । ਉਹਨਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਕੇਦਰ ਸਰਕਾਰ ਦੀ ਆਈ ਸੀ ਡੀ ਐਸ ਸਕੀਮ ਅਧੀਨ 2 ਅਕਤੂਬਰ 1975 ਤੋਂ ਆਂਗਣਵਾੜੀ ਸੈਂਟਰਾਂ ਵਿੱਚ ਕੰਮ ਕਰ ਰਹੀਆਂ ਹਨ । ਪਰ ਲਗਭਗ 48 ਸਾਲ ਬੀਤ ਜਾਣ ਦੇ ਬਾਵਜੂਦ ਵੀ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਰਕਾਰੀ ਮੁਲਾਜ਼ਮ ਦਾ ਦਰਜਾ ਨਹੀਂ ਦਿੱਤਾ ਗਿਆ । ਵੱਖ ਵੱਖ ਮੰਗਾਂ ਦਾ ਜਿਕਰ ਕਰਦਿਆਂ ਉਹਨਾਂ ਕਿਹਾ ਕਿ ਮਿੰਨੀ ਆਂਗਣਵਾੜੀ ਵਰਕਰਾਂ ਨੂੰ ਪੂਰੀ ਵਰਕਰ ਦਾ ਦਰਜਾ ਦੇ ਕੇ ਪੂਰੀ ਤਨਖਾਹ ਦਿੱਤੀ ਜਾਵੇ । ਆਂਗਣਵਾੜੀ ਸੈਂਟਰਾਂ ਵਿਚ ਗਰਮੀਂ ਤੇ ਸਰਦੀ ਦੀਆਂ ਛੁੱਟੀਆਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬਰਾਬਰ ਦਿੱਤੀਆਂ ਜਾਣ । ਲਾਭਪਾਤਰੀਆਂ ਨੂੰ ਦਿੱਤਾ ਜਾਣ ਵਾਲਾ ਰਾਸ਼ਨ ਮਹਿੰਗਾਈ ਸੂਚਿਕ ਅੰਕ ਨਾਲ ਜੋੜ ਕੇ ਸਾਲ ਵਿਚ 300 ਦਿਨ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਦਿੱਤਾ ਜਾਵੇ । ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪੈਨਸ਼ਨ , ਗਰੈਚੁਟੀ ਅਤੇ ਸਿਹਤ ਸਹੂਲਤਾਂ ਦਿੱਤੀਆਂ ਜਾਣ । ਉਹਨਾਂ ਦੱਸਿਆ ਕਿ ਦੇਸ਼ ਭਰ ਦੀਆਂ ਕਰੀਬ 28 ਲੱਖ ਅਤੇ ਪੰਜਾਬ ਵਿਚ 54 ਹਜ਼ਾਰ ਤੋਂ ਵੱਧ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਕੰਮ ਕਰ ਰਹੀਆਂ ਹਨ ਪਰ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਨਾਲ ਹਮੇਸ਼ਾ ਹੀ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ ਤੇ ਅੱਖੋਂ ਪਰੋਖੇ ਕੀਤਾ ਗਿਆ ਹੈ ਜਿਸ ਕਰਕੇ ਜਥੇਬੰਦੀ ਨੂੰ ਸਰਕਾਰਾਂ ਦੇ ਖਿਲਾਫ ਤਕੜੇ ਸੰਘਰਸ਼ ਕਰਨੇ ਪਏ ਹਨ ਅਤੇ ਥਾਣਿਆਂ , ਜੇਲਾਂ ਵਿੱਚ ਜਾਣਾ ਪਿਆ ਹੈ ।ਉਹਨਾਂ ਕਿਹਾ ਕਿ ਪਿਛਲੇਂ ਪੰਜ ਸਾਲਾਂ ਤੋਂ ਕੇਂਦਰ ਸਰਕਾਰ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਾਣ ਭੱਤੇ ਵਿੱਚ ਇਕ ਰੁਪਈਆ ਵੀ ਵਾਧਾ ਨਹੀਂ ਕੀਤਾ । ਇਸ ਮੌਕੇ ਸਰਬਜੀਤ ਕੌਰ ਵਿਰਕ ਪ੍ਰੈਸ ਸਕੱਤਰ,ਕਰਮਜੀਤ ਕੌਰ ਸਦਰਪੁਰਾ ਜਨਰਲ ਸਕੱਤਰ, ਜਸਵੀਰ ਕੌਰ ਵਲੀਪੁਰ ਸਹਾਇਕ ਸਕੱਤਰ, ਗੁਰਚਰਨ ਕੌਰ ਭੂੰਦੜੀ ਪ੍ਰਚਾਰ ਸਕੱਤਰ, ਪੂਸਪਿੰਦਰ ਕੌਰ,ਪਰਮਜੀਤ ਕੌਰ ਬੁਜਰਗ ਸਰਕਲ ਪ੍ਰਧਾਨ, ਅਮਰਜੀਤ ਕੌਰ ਬਣੀਏ ਵਾਲ ਸਮੇਤ ਹੋਰ ਆਗੂ ਹਾਜਰ ਸਨ।