ਵਿਧਾਇਕ ਸਿੱਧੂ ਨੇ ਛੋਟੇ ਸਨਅਤਕਾਰਾਂ ਨੂੰ ਉਜਾੜੇ ਤੋਂ ਬਚਾਉਣ ਲਈ ਵਿਧਾਨ ਸਭਾ ਵਿੱਚ ਉਨ੍ਹਾਂ ਦੀ ਆਵਾਜ ਕੀਤੀ ਬੁਲੰਦ : ਵਿਸ਼ਵਕਰਮਾ

  • ਕਿਹਾ- ਸਨਅਤ ਨੂੰ ਬਚਾਉਣ ਨਾਲ ਹੀ ਸੂਬਾ ਖੁਸ਼ਹਾਲ ਹੋ ਸਕਦਾ ਹੈ
  • ਸਾਈਕਲ ਅਤੇ ਮਸ਼ੀਨ ਪਾਰਟਸ ਉਦਯੋਗ ਨੇ ਸਾਰੀ ਦੁਨੀਆ 'ਚ ਲੁਧਿਆਣਾ ਜਿਲ੍ਹੇ ਦੀ ਪਹਿਚਾਣ ਬਣਾਈ ਪਰ ਪੱਕੇ ਤੌਰ 'ਤੇ ਇੰਡਸਟਰੀ ਏਰੀਆ ਬਣਨ ਤੋਂ ਰਿਹਾ ਵਾਂਝਾ

ਲੁਧਿਆਣਾ, 6 ਸਤੰਬਰ 2024 : ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਨੇ ਛੋਟੇ ਕਾਰਖਾਨੇਦਾਰ ਅਤੇ ਸਨਅਤਕਾਰਾਂ ਨੂੰ ਆ ਰਹੀਆਂ ਦਰਪੇਸ਼ ਸਮੱਸਿਆਵਾਂ ਨੂੰ ਸਮਝਦਿਆਂ ਅਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ 'ਤੇ ਹੱਲ ਕਰਵਾਉਣ ਲਈ ਉਨ੍ਹਾਂ ਦੀ ਅਵਾਜ ਵਿਧਾਨ ਸਭਾ 'ਚ ਉਠਾਈ, ਜੋ ਕਿ ਬਹੁਤ ਸ਼ਲਾਘਾਯੋਗ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫੈਡਰੇਸ਼ਨ ਆਫ ਸਮਾਲ ਐਂਡ ਮੀਡੀਅਮ ਇੰਡਸਟਰੀ ਦੇ ਚੇਅਰਮੈਨ ਚਰਨਜੀਤ ਸਿੰਘ ਵਿਸ਼ਵਕਰਮਾ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਵਿਸ਼ਵਕਰਮਾ ਨੇ ਕਿਹਾ ਕਿ ਵਿਧਾਇਕ ਸਿੱਧੂ ਨੇ ਬੀਤੇ ਦਿਨੀ ਵਿਧਾਨ ਸਭਾ ਦੇ ਸ਼ੈਸ਼ਨ ਵਿਚ ਮਿਕਸ ਲੈਂਡ ਵਿਚ ਚੱਲ ਰਹੇ ਉਦਯੋਗਾਂ ਨੂੰ ਉਜਾੜੇ ਤੋਂ ਬਚਾਉਣ ਲਈ ਛੋਟੇ ਸਨਅਤਕਾਰਾਂ ਦੀ ਦੁੱਖਦ‌ੀ ਰਗ ਨੂੰ ਸਮਝਦਿਆਂ ਅਤੇ ਉਨ੍ਹਾਂ ਦੀ ਅਵਾਜ ਨੂੰ ਬੁਲੰਦ ਕਰਦਿਆਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਪੱਕੇ ਤੌਰ 'ਤੇ ਇੰਡਸਟਰੀ ਏਰੀਆ ਬਣਾਉਣ ਦੀ ਮੰਗ ਕੀਤੀ ਜਿਸ 'ਤੇ ਸਨਅਤਕਾਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸਾਈਕਲ ਅਤੇ ਮਸ਼ੀਨ ਪਾਰਟਸ ਉਦਯੋਗ ਨੇ ਦੁਨੀਆ ਭਰ 'ਚ ਲੁਧਿਆਣਾ ਜਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ ਜਿਸ ਤੋਂ ਹੀ ਛੋਟੇ ਕਾਰਖਾਨੇ ਵੱਡੀ ਇੰਡਸਟਰੀ ਵਿਚ ਤਬਦੀਲ ਹੋਏ। ਉਨ੍ਹਾਂ ਕਿਹਾ ਕਿ ਸਨਅਤ ਨੂੰ ਬਚਾਉਣ ਨਾਲ ਹੀ ਸੂਬਾ ਖੁਸ਼ਹਾਲ ਹੋ ਸਕਦਾ ਹੈ ਕਿਉਂ ਕਿ ਲਘੂ ਉਗਯੋਗ ਸਰਕਾਰ ਨੂੰ ਟੈਕਸ ਦੇ ਰੂਪ ਵਿਚ ਕਾਫੀ ਤਪੈਸਾ ਦਿੰਦੇ ਹਨ ਜਿਸ ਨਾਲ ਸੂਬੇ ਅਤੇ ਦੇਸ਼ ਦੀ ਆਰਥਿਕਤਾ ਪ੍ਰਭਾਵਿਤ ਹੁੰਦੀ ਹੈ ਪ੍ਰੰਤੂ ਹਲਕਾ ਆਤਮ ਨਗਰ ਦੇ ਹੋਂਦ 'ਚ ਆਉਣ ਤੋਂ ਵਰ੍ਹਿਆਂ ਬਾਅਦ ਪਿਛਲੀਆਂ ਸਰਕਾਰਾਂ ਦੇ ਕਿਸੇ ਵੀ ਵਿਧਾਇਕ ਵੱਲੋਂ ਮਿਕਸ ਲੈਂਡ ਏਰੀਏ ਨੂੰ ਇੰਡਸਟਰੀ ਏਰੀਆ ਘੋਸ਼ਿਤ ਕਰਵਾਉਣ ਲਈ ਤਾਕੀਦ ਨਹੀਂ ਕੀਤੀ ਗਈ ਸੀ। ਅੱਜ ਵਿਧਾਇਕ ਸਿੱਧੂ ਦੇ ਇਸ ਉਪਰਾਲੇ ਨਾਲ ਸਨਅਤਕਾਰਾਂ ਵਿਚ ਇੱਕ ਆਸ ਬੱਝ ਗਈ ਹੈ ਅਤੇ ਉਸ ਸਦਾ ਸ. ਸਿੱਧੂ ਦੇ ਰਿਣੀ ਰਹਿਣਗੇ।  ਉਨ੍ਹਾਂ ਆਸ ਪ੍ਰਗਟ ਕੀਤੀ ਕਿ ਮੁੱਖ ਮੰਤਰੀ ਸ. ਮਾਨ ਵੱਲੋਂ ਜਲਦ ਹੀ ਇਸ ਮੰਗ 'ਤੇ ਗੌਰ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਸਮਾਲ ਸਕੇਲ ਇੰਡਸਟਰੀ ਐਂਡ ਟਰੇਡਰਜ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਸਰਹਾਲੀ, ਬਾਬਾ ਵਿਸ਼ਵਕਰਮਾ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਰਣਜੀਤ ਸਿੰਘ ਮਠਾੜੂ, ਫਊਂਡੇਸ਼ਨ ਦੇ ਸਕੱਤਰ ਰੇਸ਼ਮ ਸਿੰਘ ਸੱਗੂ ਆਦਿ ਹਾਜ਼ਰ ਸਨ।