ਵਿਧਾਇਕ ਬੱਗਾ ਨੇ ਪਲਾਟਾਂ ਦੀ ਰਜਿਸਟਰੀ ਮੌਕੇ ਐਨ.ਓ.ਸੀ. ਦੀ ਸ਼ਰਤ ਹਟਾਉਣ ਲਈ ਮੁੱਖ ਮੰਤਰੀ  ਮਾਨ ਦਾ ਕੀਤਾ ਦਿਲੋਂ ਧੰਨਵਾਦ 

  • ਕਿਹਾ! ਮੁੱਖ ਮੰਤਰੀ ਵੱਲੋਂ ਲੁਧਿਆਣਾ ਫੇਰੀ ਦੌਰਾਨ ਵਪਾਰੀਆਂ, ਕਲੋਨਾਈਜ਼ਰਾਂ ਤੇ ਆਮ ਲੋਕਾਂ ਨਾਲ ਕੀਤਾ ਵਾਅਦਾ ਨਿਭਾਇਆ
  • ਵਿਧਾਇਕ ਬੱਗਾ ਵੱਲੋਂ ਬੀਤੇ ਦਿਨੀ ਯਸ਼ਵੀ ਕਲੋਨੀ 'ਚ ਗਲੀਆਂ ਦੇ ਨਿਰਮਾਣ ਕਾਰਜ਼ਾਂ ਦਾ ਵੀ ਕੀਤਾ ਉਦਘਾਟਨ

ਲੁਧਿਆਣਾ, 05 ਸਤੰਬਰ 2024 : ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ 16ਵੀਂ ਵਿਧਾਨ ਸਭਾ ਸੈਸ਼ਨ ਦੌਰਾਨ, ਪਲਾਟਾਂ ਦੀ ਰਜਿਸਟਰੀ ਵੇਲੇ 'ਨੋ ਆਬਜੈਕਸ਼ਨ ਸਰਟੀਫਿਕੇਟ' (ਐਨ.ਓ.ਸੀ.) ਵਾਲੀ ਸ਼ਰਤ ਹਟਾਉਣ ਲਈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ। ਵਿਧਾਇਕ ਬੱਗਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਆਪਣੀ ਲੁਧਿਆਣਾ ਫੇਰੀ ਦੌਰਾਨ ਵਪਾਰੀਆਂ, ਕਲੋਨਾਈਜ਼ਰਾਂ ਅਤੇ ਆਮ ਲੋਕਾਂ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਐਨ.ਓ.ਸੀ. ਸਬੰਧੀ ਜਲਦ ਰਾਹਤ ਦਿੱਤੀ ਜਾਵੇਗੀ। ਮੁੱਖ ਮੰਤਰੀ ਪੰਜਾਬ ਵੱਲੋਂ ਜਿੱਥੇ ਆਪਣੇ ਬੋਲ ਪੁਗਾਏ ਗਏ ਹਨ ਉੱਥੇ ਆਮ ਲੋਕਾਂ ਨੇ ਵੀ ਇਸ ਨੇਕ ਕਾਰਜ਼ ਲਈ ਸਰਦਾਰ ਭਗਵੰਤ ਸਿੰਘ ਮਾਨ ਦੀ ਸ਼ਲਾਘਾ ਕਰਦਿਆਂ ਸੁ਼ਕਰਾਨਾ ਕੀਤਾ ਹੈ। ਵਿਧਾਇਕ ਬੱਗਾ ਨੇ ਸਪੱਸ਼ਟ ਕੀਤਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਆਮ ਲੋਕਾਂ ਨੂੰ ਲਾਰਿਆਂ ਤੋਂ ਸਿਵਾਏ ਕੁੱਝ ਨਹੀਂ ਦਿੱਤਾ, ਸਗੋਂ ਡੰਗ ਟਪਾਊ ਵਾਲੀ ਨੀਤੀ ਅਪਣਾਈ ਜਾਂਦੀ ਰਹੀ ਹੈ। ਉਨ੍ਹਾਂ ਦੱਸਿਆ ਕਿ ਆਮ ਲੋਕ ਦਿਨ-ਰਾਤ ਮਿਹਨਤ ਕਰਕੇ 50-100 ਵਰਗ ਗੱਜ ਦੇ ਪਲਾਟ ਦਾ ਸੌਦਾ ਕਰ ਲੈਂਦੇ ਸਨ, ਉਨ੍ਹਾਂ ਨੂੰ ਇਹ ਵੀ ਪਤਾ ਨਹੀਂ ਸੀ ਹੁੰਦਾ ਕਿ ਜਿਸ ਕਲੋਨੀ ਵਿੱਚ ਉਹ ਪਲਾਟ ਖਰੀਦ ਰਹੇ ਹਨ ਉਹ ਕਿਤੇ ਅਣ-ਅਧਿਕਾਰਿਤ ਕਲੋਨੀ ਤਾਂ ਨਹੀਂ। ਇਸ ਤੋਂ ਇਲਾਵਾ ਆਮ ਜਨਤਾ ਬਿਜਲੀ ਦਾ ਮੀਟਰ ਲਗਵਾਉਣ, ਸੀਵਰੇਜ ਕੁਨੈਕਸ਼ਨ, ਪਾਣੀ ਦਾ ਕੁਨੈਕਸ਼ਨ ਲੈਣ ਲਈ ਵੱਖ-ਵੱਖ ਦਫ਼ਤਰਾਂ ਦੇ ਧੱਕੇ ਖਾਣ ਨੂੰ ਮਜ਼ਬੂਰ ਸੀ ਅਤੇ ਪੰਜਾਬ ਸਰਕਾਰ ਦੇ ਇਸ ਫੈਸਲੇ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਵਿਧਾਨ ਸਭਾ ਸੈਸ਼ਨ ਦੌਰਾਨ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵਲੋਂ ਹਲਕੇ ਦੇ ਵਸਨੀਕਾਂ ਨੂੰ ਮਾਲ ਵਿਭਾਗ ਨਾਲ ਸਬੰਧਤ ਕਾਰਜ਼ਾਂ ਲਈ ਹੋਣ ਵਾਲੀ ਖੱਜਲ ਖੁਆਰੀ ਤੋਂ ਛੁਟਕਾਰਾ ਦਿਵਾਉਣ ਦੇ ਮੰਤਵ ਨਾਲ, ਹਲਕੇ ਲਈ ਸਬ-ਤਹਿਸੀਲ ਮੁਹੱਈਆ ਕਰਵਾਉਣ ਦਾ ਮੁੱਦਾ ਵੀ ਜੋਰਾਂ-ਸ਼ੋਰਾਂ ਨਾਲ ਚੁੱਕਿਆ। ਉਨ੍ਹਾਂ ਦੱਸਿਆ ਕਿ ਸਬ-ਤਹਿਸੀਲ ਸਬੰਧੀ ਉਨ੍ਹਾਂ ਵੱਲੋਂ ਮਾਲ ਮੰਤਰੀ ਨਾਲ ਵੀ ਵਿਚਾਰ ਚਰਚਾ ਕੀਤੀ ਗਈ ਸੀ ਅਤੇ ਬੀਤੇ ਦਿਨੀਂ ਉਨ੍ਹਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨਾਲ ਨਿੱਜੀ ਤੌਰ 'ਤੇ ਮੁਲਾਕਾਤ ਕਰਦਿਆਂ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਦੀ ਅਪੀਲ ਕੀਤੀ ਸੀ। ਸੈਸ਼ਨ ਦੌਰਾਨ ਉਨ੍ਹਾਂ ਦੱਸਿਆ ਕਿ ਸਬ-ਤਹਿਸੀਲ ਲਈ ਹਲਕੇ ਵਿੱਚ ਢੁੱਕਵੀਂ ਬਿਲਡਿੰਗ ਵੀ ਮੌਜੂਦ ਹੈ ਜਿਸਦੇ ਤਹਿਤ ਬੁਨਿਆਦੀ ਢਾਂਚੇ 'ਤੇ ਵੀ ਜ਼ਿਆਦਾ ਖਰਚ ਕਰਨ ਦੀ ਲੋੜ ਨਹੀਂ ਪਵੇਗੀ। ਵਿਧਾਇਕ ਮਦਨ ਲਾਲ ਬੱਗਾ ਵੱਲੋਂ ਬੀਤੇ ਦਿਨੀ ਵਾਰਡ ਨੰਬਰ 93 (ਪੁਰਾਣਾ 94) ਅਧੀਨ ਯਸ਼ਵੀ ਕਲੋਨੀ ਵਿੱਚ ਗਲੀਆਂ ਦੇ ਨਿਰਮਾਣ ਕਾਰਜ਼ਾਂ ਦਾ ਵੀ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਵੀ ਮੌਜੂਦ ਸਨ। ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਅਤੇ ਸੁਚਾਰੀ ਪ੍ਰਸ਼ਾਸ਼ਕੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।