ਰਾਏਕੋਟ, 25 ਦਸੰਬਰ (ਚਮਕੌਰ ਸਿੰਘ ਦਿਓਲ) : ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਤਿੰਨੋ ਬਲਾਕਾਂ ਦੀ ਮੀਟਿੰਗ ਅੱਜ ਦਾਣਾ ਮੰਡੀ ਸੁਧਾਰ ਵਿਖੇ ਬਲਾਕ ਪ੍ਰਧਾਨ ਜਸਪ੍ਰੀਤ ਸਿੰਘ ਢੱਟ ਦੀ ਅਗਵਾਈ ਹੇਠ ਕੀਤੀ ਗਈ। ਜਿਸ ਵਿੱਚ ਕਿਸਾਨਾਂ ਨੂੰ ਆਉਂਦੀਆਂ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਪ੍ਰਧਾਨ ਜਸਪ੍ਰੀਤ ਸਿੰਘ ਢੱਟ, ਬਲਾਕ ਪੱਖੋਵਾਲ ਪ੍ਰਧਾਨ ਤੇਜਪਾਲ ਸਿੰਘ ਸਹੌਲੀ, ਬਲਾਕ ਰਾਏਕੋਟ ਦੇ ਪ੍ਰਧਾਨ ਗੁਰਮਿੰਦਰ ਸਿੰਘ ਗੋਗੀ ਭੁੱਲਰ ਨੇ ਜ਼ੀਰਾ ਸ਼ਰਾਬ ਫੈਕਟਰੀ ਸਾਹਮਣੇ ਪ੍ਰਦੂਸ਼ਿਤ ਹੋ ਰਹੇ ਪਾਣੀ ਕਾਰਨ ਫੈਕਟਰੀ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਕੀਤੇ ਜਾ ਰਹੇ ਰੋਸ਼ ਪ੍ਰਦਰਸ਼ਨ ਨੂੰ ਹਟਾਉਣ ਲਈ ਸਰਕਾਰ ਅਤੇ ਪੁਲਿਸ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਕਿਹਾ ਕਿ ਹਲਕਾ ਰਾਏਕੋਟ ਤੋਂ ਉਹ ਵੀ ਇਸ ਰੋਸ਼ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਸ਼ਾਮਲ ਹੋਣਗੇ। ਪ੍ਰਧਾਨ ਜਸਪ੍ਰੀਤ ਸਿੰਘ ਢੱਟ ਤੇ ਪ੍ਰਧਾਨ ਗੁਰਮਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਯੂਨੀਅਨ ਦੇ ਇੱਕ ਪਿੰਡ ਦੇ ਇਕਾਈ ਪ੍ਰਧਾਨ ਵੱਲੋਂ ਉਨ੍ਹਾਂ ਨੂੰ ਦੱਸੇ ਬਿਨ੍ਹਾ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਮਿਲ ਕੇ ਯੂਨੀਅਨ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਸਬੰਧੀ ਉਕਤ ਯੂਨੀਅਨ ਦੀ ਹਾਈਕਮਾਂਡ ਦੀਆਂ ਹਦਾਇਤਾਂ ਅਨੁਸਾਰ ਯੂਨੀਅਨ ਦੀਆਂ ਬਲਾਕ ਪੱਧਰੀ ਮੀਟਿੰਗਾਂ ’ਚੋ ਗੈਰਹਾਜ਼ਰ ਰਹਿਣ ਅਤੇ ਯੂਨੀਅਨ ਵਿਰੋਧੀ ਕਾਡਰ ਤਿਆਰ ਕਰਨ ਆਦਿ ਦੇ ਗਤੀਵਿਧੀਆਂ ਦੇ ਕਾਰਨ ਦੋ ਮਹੀਨੇ ਲਈ ਯੂਨੀਅਨ ਵਿਚੋਂ ਬਰਖਾਸਤ ਕੀਤਾ ਗਿਆ ਹੈ। ਪ੍ਰਧਾਨ ਢੱਟ ਅਤੇ ਪ੍ਰਧਾਨ ਭੁੱਲਰ ਨੇ ਕਿਹਾ ਕਿ ਅਗਰ ਅੱਗੇ ਤੋਂ ਕੋਈ ਆਗੂ ਯੂਨੀਅਨ ਵਿਰੋਧੀ ਗਤੀਵਿਧੀਆਂ ਕਰਦਾ ਹੈ ਤਾਂ ਉਸ ਨੂੰ ਯੂਨੀਅਨ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਜਾਵੇਗਾ। ਇਸ ਮੌਕੇ ਨਰਿੰਦਰ ਸਿੰਘ ਲਾਡੀ ਸਹੌਲੀ ਮੁੱਖ ਬੁਲਾਰਾ, ਗੁਰਜੰਟ ਸਿੰਘ ਪ੍ਰੈਸ ਸਕੱਤਰ, ਕਮਲਜੀਤ ਸਿੰਘ (ਖਜਾਨਚੀ), ਗੁਰਮੇਲ ਸਿੰਘ, ਸੁਰਿੰਦਰ ਸਿੰਘ, ਇਕਬਾਲ ਸਿੰਘ, ਜੰਗੀਰ ਸਿੰਘ, ਹਰਨੇਕ ਸਿੰਘ, ਜਗਤਾਰ ਸਿੰਘ, ਜਤਿੰਦਰ ਸਿੰਘ, ਜਗਤਾਰ ਸਿੰਘ, ਹਰਜੋਤ ਸਿੰਘ, ਮਨਪ੍ਰੀਤ ਸਿੰਘ, ਪਲਵਿੰਦਰ ਸਿੰਘ, ਅਮਨਦੀਪ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।