ਲੁਧਿਆਣਾ, 27 ਦਸੰਬਰ : ਲੁਧਿਆਣਾ ਦੇ ਹਯਾਤ ਹੋਟਲ ਨੂੰ ਵੱਟਸਐਪ ਤੇ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਤੋਂ ਬਾਅਦ ਸਥਾਨਕ ਪੁਲਿਸ ’ਚ ਹੜਕੰਪ ਮੱਚ ਗਿਆ, ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਹੋਟਲ ਨੂੰ ਸੀਲ ਕਰ ਦਿੱਤਾ ਅਤੇ ਹੋਟਲ ਦੇ ਅੰਦਰ ਤੇ ਬਾਹਰ ਜਾਣ ’ਤੇ ਪੂਰਨ ਪਾਬੰਦੀ ਲਗਾ ਦਿੱਤੀ। ਇਸ ਸਬੰਧੀ ਸਰਾਭਾ ਨਗਰ ਸਥਿਤ ਪੁਲਿਸ ਥਾਣਾ ਸੰਯੁਕਤ ਕਮਿਸ਼ਨਰ ਸੌਮਿਆ ਮਿਸ਼ਰਾ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਧਮਕੀ ਵਟੱਸਐਪ ਰਾਹੀਂ ਹੋਟਲ ਮੈਨੇਜਰ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਸਾਵਧਾਨੀ ਵਜੋਂ ਹੋਟਲ ਦੀ ਸੁਰੱਖਿਆ ’ਚ ਵਾਧਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਧਮਕੀ ਦਿੱਲੀ ਤੋਂ ਆਈ ਹੈ ਅਤੇ ਪਤਾ ਲੱਗਿਆ ਕਿ ਧਮਕੀ ਦੇਣ ਵਾਲਾ ਸ਼ਖਸ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਹਾਂ, ਸੌਮਿਆ ਮਿਸ਼ਰਾ ਨੇ ਇਹ ਵੀ ਦੱਸਿਆ ਕਿ ਸਾਡੇ ਵੱਲੋਂ ਪੂਰੇ ਹੋਟਲ ਦੀ ਜਾਂਚ ਕੀਤੀ ਜਾ ਰਹੀ ਹੈ। ਉਥੇ ਹੀ ਹੋਟਲ ਦੇ ਗਾਹਕ ਪੁਲਿਸ ਅਧਿਕਾਰੀਆਂ 'ਤੇ ਨਾਰਾਜ਼ ਹੁੰਦੇ ਦੇਖੇ ਗਏ। ਸੌਮਿਆ ਮਿਸ਼ਰਾ ਨੇ ਇਹ ਵੀ ਦੱਸਿਆ ਕਿ ਇਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।