ਲੁਧਿਆਣਾ, 2 ਜਨਵਰੀ : ਚੰਡੀਗੜ੍ਹ ਸੜਕ ’ਤੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਪਾਉਣ ਲਈ ਪੁੱਟੀ ਗਈ ਲਿੰਕ ਸੜਕ ਮੁਰੰਮਤ ਨਾ ਹੋਣ ਕਰ ਕੇ ਹੁਣ ਕੂੜੇ ਦਾ ਡੰਪ ਬਣਦੀ ਜਾ ਰਹੀ ਹੈ। ਇਸ ਦੇ ਨਾਲ ਲੱਗਦੀ ਸੜਕ ਵੀ ਟੁੱਟੀ ਹੋਣ ਕਰ ਕੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਸਾਤੀ ਮੌਸਮ ਵਿੱਚ ਫੋਕਲ ਪੁਆਇੰਟ ਵਾਲੇ ਪਾਸਿਓਂ ਆਉਂਦੇ ਤੇਜ਼ਾਬੀ ਪਾਣੀ ਦੇ ਓਵਰ ਫਲੋਅ ਹੋਣ ਨਾਲ ਲੁਧਿਆਣਾ-ਚੰਡੀਗੜ੍ਹ ਰੋਡ ’ਤੇ ਵਰਧਮਾਨ ਨੇੜੇ ਕਈ-ਕਈ ਫੁੱਟ ਪਾਣੀ ਖੜ੍ਹਾ ਹੋ ਜਾਂਦਾ ਹੈ। ਇਸ ਪਾਣੀ ਦੀ ਨਿਕਾਸੀ ਲਈ ਕਾਂਗਰਸ ਦੀ ਸਰਕਾਰ ਸਮੇਂ ਵਿਧਾਨ ਸਭਾ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਸੜਕ ਨੂੰ ਪੁੱਟ ਕਿ ਇੱਥੇ ਸੀਵਰੇਜ ਪਾਉਣਾ ਸ਼ੁਰੂ ਕੀਤਾ ਗਿਆ ਸੀ। ਸੀਵਰੇਜ ਦਾ ਕੰਮ ਜ਼ਿਆਦਾ ਹੋਣ ਕਰ ਕੇ ਇਸ ਨੂੰ ਪੂਰਾ ਹੋਣ ਵਿੱਚ ਕਾਫੀ ਸਮਾਂ ਲੱਗਿਆ ਪਰ ਚੋਣਾਂ ਤੋਂ ਬਾਅਦ ਕਾਂਗਰਸੀ ਉਮੀਦਵਾਰ ਹਾਰ ਗਿਆ ਅਤੇ ਸੜਕ ਦਾ ਕੰਮ ਜਿਉਂ ਦਾ ਤਿਉਂ ਲਟਕਿਆ ਪਿਆ ਹੈ। ਹੁਣ ਸੜਕ ਦੀ ਹਾਲਤ ਇੰਨੀ ਮਾੜੀ ਹੋ ਚੁੱਕੀ ਹੈ ਕਿ ਲੋਕਾਂ ਨੇ ਇੱਥੇ ਕੂੜਾ ਤੱਕ ਸੁੱਟਣਾ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ ਤਾਜਪੁਰ ਰੋਡ ਤੋਂ ਚੰਡੀਗੜ੍ਹ ਰੋਡ ਅਤੇ ਚੰਡੀਗੜ੍ਹ ਰੋਡ ਤੋਂ ਤਾਜਪੁਰ ਰੋਡ ਵੱਲ ਜਾਣ ਵਾਲੇ ਵਾਹਨ ਚਾਲਕਾਂ ਨੂੰ ਇੱਕ ਪਾਸੇ ਦੀ ਸੜਕ ਤੋਂ ਹੀ ਜਾਣਾ-ਆਉਣਾ ਪੈ ਰਿਹਾ ਹੈ। ਇਸ ਸੜਕ ’ਤੇ ਵੀ ਕਈ-ਕਈ ਫੁੱਟ ਡੂੰਘੇ ਟੋਏ ਪਏ ਹੋਏ ਹਨ, ਜਿਨ੍ਹਾਂ ਨੂੰ ਭਾਵੇਂ ਪ੍ਰਸ਼ਾਸਨ ਨੇ ਕਈ ਵਾਰ ਮਿੱਟੀ ਨਾਲ ਪੂਰਿਆ ਵੀ ਹੈ ਪਰ ਵਾਰ-ਵਾਰ ਗੱਡੀਆਂ ਲੰਘਣ ਨਾਲ ਇਹ ਦੁਬਾਰਾ ਡੂੰਘੇ ਟੋਇਆਂ ਵਿੱਚ ਤਬਦੀਲ ਹੋ ਜਾਂਦੇ ਹਨ। ਰਾਤ ਸਮੇਂ ਤਾਂ ਕਰੀਬ ਇੱਕ ਕਿਲੋਮੀਟਰ ਲੰਬੀ ਇਸ ਸੜਕ ਤੋਂ ਲੰਘਣਾ ਖਤਰੇ ਤੋਂ ਖਾਲੀ ਨਹੀਂ ਹੈ। ਹਾਦਸੇ ਤੋਂ ਡਰਦੇ ਦੋ ਪਹੀਆ ਵਾਹਨ ਚਾਲਕ ਤਾਂ ਹੁਣ ਨਾਲ ਲੱਗਦੇ ਮੁਹੱਲਿਆਂ ਦੀਆਂ ਗਲੀਆਂ ਵਿੱਚੋਂ ਲੰਘਣ ਲੱਗ ਪਏ ਹਨ। ਹੋਰ ਤਾਂ ਹੋਰ ਇਸ ਸੜਕ ਦੇ ਨਾਲ ਬਣੀਆਂ ਦੁਕਾਨਾਂ ਦੇ ਕੰਮ ਵੀ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਏ ਹਨ।