ਕੰਗਨਾ ਰਣੌਤ ਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ : ਹਰਸਿਮਰਤ ਕੌਰ ਬਾਦਲ

ਬਠਿੰਡਾ, 30 ਅਗਸਤ 2024 : ਲੋਕ ਸਭਾ ਹਲਕਾ ਬਠਿੰਡਾ ਤੋਂ ਪਾਰਲੀਮੈਂਟ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਬਠਿੰਡਾ ਵਿਖੇ ਸਮਾਗਮ ਤੋਂ ਬਾਅਦ ਬੋਲਦਿਆਂ ਕਿਹਾ ਕਿ ਅਦਾਕਾਰਾ ਤੇ ਸਾਂਸਦ ਕੰਗਨਾ ਰਣੌਤ ਦੇ ਬਿਆਨ 'ਤੇ ਬੋਲਦੇ ਹੋਏ ਕਿਹਾ ਕਿ ਮੈਂ ਇਸ ਬਾਰੇ ਜਿੰਨਾ ਘੱਟ ਬੋਲਾ ਤਾਂ ਚੰਗਾ ਹੈ। ਉਹਨਾਂ ਨੇ ਕਿਹਾ ਕਿ ਕੰਗਨਾ ਰਣੌਤ ਦੀ ਬੁੱਧੀ ਭ੍ਰਿਸ਼ਟ ਹੋ ਗਈ ਹੈ ਅਤੇ ਉਹ ਦੂਜਿਆ ਨੂੰ ਮੰਦਾ ਬੋਲ ਰਿਹਾ ਹੈ। ਇਹ ਲੋਕਾਂ ਨੂੰ ਇਕਜੁੱਟ ਕਰਨ ਦੀ ਬਜਾਏ ਵੰਡ ਰਹੀ ਹੈ, ਜਿਸ ਦੀ ਜਿੰਨਾ ਵੀ ਅਲੋਚਨਾ ਕੀਤੀ ਜਾਵੇ ਉਹ ਘੱਟ ਹੈ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹ ਨਹੀਂ ਚਾਹੁੰਦੀ ਕਿ ਭਾਜਪਾ ਸਰਕਾਰ ਇਸ ਖਿਲਾਫ ਸਿਰਫ਼ ਨੋਟਿਸ ਨਾ ਜਾਰੀ ਕਰੇ ਸਗੋਂ, ਇਸ ਨੂੰ ਸਸਪੈਂਡ ਕਰਨਾ ਚਾਹੀਦਾ ਹੈ। ਇਹ ਔਰਤ ਗੰਦੀਆਂ ਗੱਲਾਂ ਕਹਿ ਕੇ ਸਮਾਜ ਨੂੰ ਵੰਡ ਰਹੀ ਹੈ, ਪਰ ਭਾਜਪਾ ਨੇ ਚੁੱਪੀ ਧਾਰੀ ਹੋਈ ਹੈ। ਜਿਨ੍ਹਾਂ ਨੇ ਭਾਰਤੀ ਸੰਵਿਧਾਨ ਦੀ ਸਹੁੰ ਚੁੱਕੀ ਅਤੇ ਕਿਹਾ ਕਿ ਦੇਸ਼ ਦੀ ਅਖੰਡਤਾ ਬਰਕਰਾਰ ਰੱਖਾਂਗੇ, ਅੱਜ ਉਹੀ ਦੇਸ਼ ਨੂੰ ਵੰਡ ਰਹੀ ਹੈ। ਹਰਸਿਮਰਤ ਕੌਰ ਬਾਦਲ ਨੇ ਸਾਬਕਾ ਪਾਰਲੀਮੈਂਟ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਬਿਆਨ ਤੇ ਕਿਹਾ ਕਿ ਉਹਨਾਂ ਨੂੰ ਆਪਣੀ ਉਮਰ ਦਾ ਲਿਹਾਜ ਕਰਨਾ ਚਾਹੀਦਾ ਹੈ। ਜੇਕਰ ਉਹਨਾਂ ਨੇ ਕੋਈ ਵੀ ਬਿਆਨ ਦੇਣਾ ਹੈ ਤਾਂ ਚੰਗੇ ਸ਼ਬਦਾਂ ਵਿੱਚ ਦੇਣ, ਨਹੀਂ ਤਾਂ ਕੰਗਨਾ ਰਣੌਤ ਤੇ ਉਹਨਾਂ ਵਿੱਚ ਕੋਈ ਫਰਕ ਨਹੀਂ ਰਹਿ ਜਾਵੇਗਾ।