ਸਿਹਤ ਮੰਤਰੀ ਦੀਆਂ ਹਦਾਇਤਾਂ ਅਨੁਸਾਰ ਹਸਪਤਾਲਾਂ ਦੇ ਰਜਿਸਟਰੇਸ਼ਨ ਕਾਊਂਟਰ ਖੁੱਲੇ ਸਵੇਰੇ 8.30 ਵਜੇ

ਸ੍ਰੀ ਫ਼ਤਹਿਗੜ੍ਹ ਸਾਹਿਬ, 17 ਮਾਰਚ (ਹਰਪ੍ਰੀਤ ਸਿੰਘ ਗੁੱਜਰਵਾਲ) : ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ ਬਲਬੀਰ ਸਿੰਘ ਅਤੇ ਸਿਹਤ ਡਾਇਰੈਕਟਰ ਡਾ ਹਿਤਿੰਦਰ ਕੌਰ ਵੱਲੋਂ ਸੂਬੇ ਦੇ ਸਮੂਹ ਸਿਵਲ ਸਰਜਨਾਂ ਨੂੰ ਹਸਪਤਾਲਾਂ ਦੇ ਰਜਿਸਟਰੇਸ਼ਨ ਕਾਊਂਟਰ ਹਸਪਤਾਲ ਦੇ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਖੋਲਣ ਲਈ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜ਼ਿਲਾ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਇਲਾਜ ਕਰਵਾਉਣ ਲਈ ਆਏ ਮਰੀਜ਼ਾਂ ਦੀ ਰਜਿਸਟਰੇਸ਼ਨ ਸਵੇਰੇ 8.30 ਵਜੇ ਸ਼ੁਰੂ ਕਰ ਦਿੱਤੀ ਗਈ ਜਿਸ ਦੀ ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ ਦਵਿੰਦਰਜੀਤ ਕੌਰ ਵੱਲੋਂ ਚੈਕਿੰਗ ਵੀ ਕੀਤੀ ਗਈ। ਇਸ ਮੌਕੇ ਤੇ ਜਾਣਕਾਰੀ ਦਿੰਦਿਆਂ  ਸਿਵਲ ਸਰਜਨ ਨੇ ਦੱਸਿਆ ਕਿ ਉੱਚ ਅਧਿਕਾਰੀਆਂ  ਦੇ ਹੁਕਮਾਂ ਦੀ ਇਨ ਬਿਨ ਪਾਲਣਾ ਕੀਤੀ ਜਾਵੇਗੀ ਅਤੇ ਭਵਿੱਖ ਵਿੱਚ ਵੀ ਗਰਮੀਆਂ ਦੇ ਸਮੇਂ ਦੌਰਾਨ ਸਵੇਰੇ 7.30 ਵਜੇ ਅਤੇ ਸਰਦੀਆਂ ਦੇ ਸਮੇਂ ਦੌਰਾਨ ਸਵੇਰੇ 8.30 ਵਜੇ ਭਾਵ ਕਿ ਹਸਪਤਾਲਾਂ ਦੇ ਸਮੇਂ ਤੋਂ ਅੱਧਾ ਘੰਟਾ ਪਹਿਲਾਂ ਹਸਪਤਾਲਾਂ ਦੇ  ਰਜਿਸਟਰੇਸ਼ਨ ਕਾਊਂਟਰ ਖੋਲ ਕੇ ਮਰੀਜ਼ਾਂ ਦੀਆਂ ਪਰਚੀਆ ਬਣਾਉਣੀਆਂ ਸ਼ੁਰੂ ਕੀਤੀਆਂ ਜਾਣਗੀਆਂ ਤਾਂ ਕਿ ਡਾਕਟਰਾਂ ਵੱਲੋਂ ਸਹੀ ਸਮੇਂ ਤੇ ਓਪੀਡੀ ਸ਼ੁਰੂ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਅਜਿਹਾ ਕਰਨ ਨਾਲ ਪਰਚੀ ਬਣਵਾਉਣ ਲਈ ਲੱਗਣ ਵਾਲੀਆਂ ਲੰਬੀਆਂ ਲੰਬੀਆਂ ਲਾਈਨਾਂ ਤੋਂ ਰਾਹਤ ਮਿਲੇਗੀ ਤੇ ਡਾਕਟਰਾਂ ਨੂੰ ਮਰੀਜ਼ਾਂ ਦਾ ਇਲਾਜ ਕਰਨ ਲਈ ਅਤੇ ਮਰੀਜ਼ਾਂ ਨੂੰ ਆਪਣਾ ਇਲਾਜ ਕਰਾਉਣ ਲਈ ਵੀ ਸੌਖ ਹੋਵੇਗੀ। ਉਨਾ ਇਹ ਵੀ ਦੱਸਿਆ ਕਿ ਲੈਬਾਰਟਰੀ ਵਿੱਚ ਵੀ ਮਰੀਜ਼ਾਂ ਨੂੰ ਖੂਨ ਦੀ ਜਾਂਚ ਲਈ ਬਹੁਤਾ ਸਮਾਂ ਆਪਣੀ ਵਾਰੀ ਦੀ ਉਡੀਕ ਕਰਨ ਦੀ ਲੋੜ ਨਹੀਂ ਪਵੇਗੀ । ਉਹਨਾਂ ਇਹ ਵੀ ਦੱਸਿਆ ਕਿ ਅਜਿਹਾ ਕਰਨ ਨਾਲ ਮਰੀਜ਼ ਦੀ ਪਰਚੀ ਬਣਾਉਣ ਤੋਂ ਲੈ ਕੇ ਉਸ ਦਾ ਮੈਡੀਕਲ ਚੈੱਕ ਅਪ, ਡਾਇਗਨੋਸਟਿਕ ਅਤੇ ਦਵਾਈਆਂ ਆਦਿ ਦੀਆਂ ਸੇਵਾਵਾਂ ਲੈਣ ਲਈ ਘੱਟ ਸਮਾਂ ਲੱਗੇਗਾ। ਇਸ ਮੌਕੇ ਤੇ ਉਹਨਾਂ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਹਦਾਇਤ ਵੀ ਕੀਤੀ ਕਿ ਸਿਹਤ ਮੰਤਰੀ ਅਤੇ ਸਿਹਤ ਡਾਇਰੈਕਟਰ ਦੇ ਹੁਕਮਾਂ ਦੀ ਇਨ ਬਿਨ ਪਾਲਣਾ ਕੀਤੀ ਜਾਵੇ ਅਤੇ ਹੁਕਮਾ ਦੀ ਉਲੰਘਣਾ ਕਰਨ ਵਾਲੇ ਅਧਿਕਾਰੀਆਂ/ ਕਰਮਚਾਰੀਆਂ  ਵਿਰੁਧ ਸਖਤ ਕਾਰਵਾਈ ਕੀਤੀ ਜਾਵੇਗੀ।