ਸੰਗਰੂਰ 'ਚ ਲੋਕਾਂ ਨੂੰ ਗੰਜਾਪਣ ਦੂਰ ਕਰਵਾਉਣਾ ਪਿਆ ਮਹਿੰਗਾ, 20 ਲੋਕਾਂ ਦੀਆਂ ਅੱਖਾਂ 'ਚ ਹੋਈ ਇਨਫੈਕਸ਼ਨ 

ਸੰਗਰੂਰ, 17 ਮਾਰਚ (ਭੁਪਿੰਦਰ ਸਿੰਘ ਧਨੇਰ) : ਸੰਗਰੂਰ 'ਚ ਪ੍ਰਾਚੀਨ ਮੰਦਰ ਮਾਤਾ ਸ਼੍ਰੀ ਮਹਾਕਾਲੀ ਦੇਵੀ ਪਟਿਆਲਾ ਗੇਟ ਵਿਖੇ ਗੰਜੇਪਣ ਦੇ ਇਲਾਜ ਲਈ ਕੈਂਪ ਲਗਾਇਆ ਗਿਆ। ਜਿਸ ਵਿਚ ਗੰਜੇਪਣ ਦੂਰ ਕਰਨ ਲਈ ਸਿਰ 'ਤੇ ਦਵਾਈ ਲਗਾਈ ਜਾਂਦੀ ਸੀ। ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਗੰਜੇਪਨ ਨੂੰ ਠੀਕ ਕਰਨ ਲਈ ਇਸ ਦਵਾਈ ਨੂੰ ਲਗਾਇਆ। ਹਾਲਾਂਕਿ ਜਦੋਂ ਡੇਰੇ 'ਚ ਪਹੁੰਚੇ ਲੋਕਾਂ ਨੇ ਦਵਾਈ ਲਗਾ ਕੇ ਆਪਣੇ ਸਿਰ ਪਾਣੀ ਨਾਲ ਧੋਤੇ ਤਾਂ ਉਨ੍ਹਾਂ ਦੀਆਂ ਅੱਖਾਂ 'ਚ ਤੇਜ਼ ਜਲਨ ਮਹਿਸੂਸ ਹੋਈ। ਜਿਸ ਤੋਂ ਬਾਅਦ 20 ਦੇ ਕਰੀਬ ਲੋਕ ਇਲਾਜ ਲਈ ਸਿਵਲ ਹਸਪਤਾਲ ਸੰਗਰੂਰ ਪਹੁੰਚੇ। ਜਦੋਂ ਇਹ ਲੋਕ ਇੱਕ ਤੋਂ ਬਾਅਦ ਇੱਕ ਕਰਕੇ ਹਸਪਤਾਲ ਦੇ ਵਿੱਚ ਆਉਣ ਲੱਗੇ ਤਾਂ ਡਾਕਟਰ ਵੀ ਹੈਰਾਨ ਹੋ ਗਏ। ਬਾਅਦ ਦੇ ਵਿੱਚ ਪਤਾ ਚੱਲਿਆ ਕਿ ਇਹ ਸਾਰੇ ਲੋਕ ਇੱਕ ਗੰਜਾਪਣ ਦੂਰ ਕਰਨ ਲਈ ਲਾਏ ਕੈਂਪ ਦੇ ਵਿੱਚ ਪਹੁੰਚੇ ਸਨ। ਜਿੱਥੇ ਜਦੋਂ ਲੋਕਾਂ ਦੇ ਸਿਰ 'ਤੇ ਕੋਈ ਤੇਲ ਲਗਾਇਆ ਗਿਆ ਤਾਂ ਲੋਕਾਂ ਦੀਆਂ ਅੱਖਾਂ ਦੇ ਵਿੱਚ ਤੇਜ਼ ਦਰਦ ਅਤੇ ਜਲਨ ਹੋਣ ਲੱਗ ਪਈ। 20 ਲੋਕਾਂ ਦੀਆਂ ਅੱਖਾਂ ਵਿਚ ਇਨਫੈਕਸ਼ਨ ਹੋ ਗਈ। ਫਿਲਹਾਲ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਡਾਕਟਰਾਂ ਵੱਲੋਂ ਇਸ ਪਿੱਛੇ ਵਾਲ ਉਗਾਉਣ ਵਾਲੀ ਦਵਾਈ ਦੇ ਕੈਮੀਕਲ ਰਿਐਸ਼ਨ ਨੂੰ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਸੰਗਰੂਰ ਵਿੱਚ ਇੱਕ ਵਿਅਕਤੀ ਵੱਲੋਂ ਗੰਜੇਪਣ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕੈਂਪ ਲਾਇਆ ਗਿਆ ਸੀ, ਜਿਸ ਦੌਰਾਨ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਕਾਲੀ ਮਾਤਾ ਮੰਦਿਰ ਪਹੁੰਚੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਖੰਨਾ ਤੋਂ ਹੈ, ਜੋ ਕਿ ਦਾਅਵਾ ਕਰਦਾ ਹੈ ਕਿ ਉਸ ਦੀ ਦਵਾਈ ਨਾਲ ਗੰਜੇ ਲੋਕਾਂ ਦੇ ਸਿਰ 'ਤੇ ਵਾਲ ਉੱਗ ਜਾਂਦੇ ਹਨ। ਪਰ ਕੈਂਪ ਵਿਚ ਲੋਕਾਂ ਦੇ ਸਿਰ 'ਤੇ ਅਜਿਹਾ ਤੇਲ ਲਾਇਆ ਗਿਆ, ਜਿਸ ਨਾਲ ਲੋਕਾਂ ਦੀਆਂ ਅੱਖਾਂ ਸੁੱਜ ਗਈਆਂ, ਲਾਲੀ ਆ ਗਈ ਅਤੇ ਬਹੁਤ ਜ਼ਿਆਦਾ ਦਰਦ ਹੋਣ ਲੱਗਾ। ਦਰਦ ਨਾਲ ਤੜਫਦੇ ਹੋਏ ਲੋਕ ਐਮਰਜੈਂਸੀ ਪੁੱਜਣ ਲੱਗੇ।  ਇਸ ਮੌਕੇ ਹਸਪਤਾਲ 'ਚ ਦਾਖਲ ਲੋਕਾਂ ਨੇ ਦੱਸਿਆ ਕਿ ਉਹ ਆਪਣਾ ਗੰਜੇਪਣ ਦੂਰ ਕਰਵਾਉਣ ਲਈ ਡੇਰੇ 'ਚ ਗਿਆ ਸੀ ਅਤੇ ਕੈਂਪ 'ਚ ਦਵਾਈ ਲੈਣ ਤੋਂ ਬਾਅਦ ਜਦੋਂ ਉਸ ਨੇ ਸਿਰ ਧੋਤਾ ਤਾਂ ਉਸ ਦੀਆਂ ਅੱਖਾਂ 'ਚ ਤੇਜ਼ ਜਲਨ ਹੋਣ ਲੱਗੀ, ਜਿਸ ਕਾਰਨ ਉਹ ਇਲਾਜ ਲਈ ਸਿਵਲ ਹਸਪਤਾਲ ਸੰਗਰੂਰ ਪਹੁੰਚਿਆ। ਇਸ ਸਬੰਧੀ ਗੱਲਬਾਤ ਕਰਦਿਆਂ ਸਿਵਲ ਹਸਪਤਾਲ ਸੰਗਰੂਰ ਦੇ ਡਾਕਟਰ ਨੇ ਦੱਸਿਆ ਕਿ ਅੱਖਾਂ ਵਿੱਚ ਜਲਨ ਹੋਣ ਕਾਰਨ ਕਈ ਵਿਅਕਤੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਮਾਮਲੇ ਸਬੰਧੀ ਸਮੇਂ ਪੁਲਿਸ ਨੇ 2 ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਇਹ ਕਾਰਵਾਈ ਪੁਲਿਸ ਨੇ ਪੀੜਤ ਦੀ ਸ਼ਿਕਾਇਤ ਮਗਰੋਂ ਕੀਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਸੰਗਰੂਰ ਡੀਐਸਪੀ ਚਰਨਜੋਤ ਸਿੰਘ ਵਾਲੀਆਂ ਨੇ ਦੱਸਿਆ ਗਿਆ ਕਿ ਮਾਮਲਾ ਦਰਜ ਕਰ ਲਿਆ ਹੈ।