ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ਤੇ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ਼ ਕਾਰਵਾਈ ਸ਼ੁਰੂ

ਅਬੋਹਰ 19 ਫਰਵਰੀ : ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਪਾਬੰਦੀ ਸ਼ੁਦਾ ਚਾਈਨਾ ਡੋਰ ਦੀ ਵਿਕਰੀ ਕਰਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਹੈ। ਉਹਨਾਂ ਦੇ ਆਦੇਸ਼ਾਂ ਤੇ ਨਗਰ ਨਿਗਮ ਦੀ ਟੀਮ ਵੱਲੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਦੁਕਾਨਾਂ ਤੇ ਜਾ ਕੇ ਚੈਕਿੰਗ ਕੀਤੀ ਗਈ । ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪਤੰਗਬਾਜ਼ੀ ਲਈ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਕਿਉਂਕਿ ਇਸ ਨਾਲ ਬਹੁਤ ਸਾਰੇ ਹਾਦਸੇ ਵਾਪਰ ਜਾਂਦੇ ਹਨ ਅਤੇ ਇਹ ਪੰਛੀਆਂ ਲਈ ਵੀ ਘਾਤਕ ਹੈ। ਉਹਨਾਂ ਨੇ ਕਿਹਾ ਕਿ ਜੋ ਕੋਈ ਵੀ ਨਿਯਮਾਂ ਦੇ ਉਲਟ ਜਾ ਕੇ ਚਾਈਨਾ ਡੋਰ ਦੀ ਵਿਕਰੀ ਜਾਂ ਵਰਤੋਂ ਕਰੇਗਾ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਉਨਾਂ ਨੇ ਨਗਰ ਕੌਂਸਲਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਨਿਯਮਿਤ ਤੌਰ ਤੇ ਬਾਜ਼ਾਰਾਂ ਵਿੱਚ ਚੈਕਿੰਗ ਕੀਤੀ ਜਾਵੇ ਅਤੇ ਜੇਕਰ ਕੋਈ ਪ੍ਰਤਿਬੰਦਿਤ ਚਾਈਨਾ ਡੋਰ ਦੀ ਵਿਕਰੀ ਕਰਦਾ ਪਾਇਆ ਜਾਵੇ ਤਾਂ ਉਸ ਦੇ ਖਿਲਾਫ ਕਾਨੂੰਨ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।