ਨਰਮੇਂ ਦੀ ਫ਼ਸਲ ਦਾ ਪੂਰਾ ਝਾੜ ਲੈਣ ਲਈ ਮੁੱਖ ਖੇਤੀਬਾੜੀ ਅਫ਼ਸਰ ਨੇ ਸਾਂਝੇ ਕੀਤੇ ਜ਼ਰੂਰੀ ਨੁਕਤੇ

ਸ੍ਰੀ ਮੁਕਤਸਰ ਸਾਹਿਬ, 05 ਸਤੰਬਰ 2024 : ਨਰਮੇਂ ਦੀ ਸਫ਼ਲ ਕਾਸ਼ਤ ਲਈ ਸ. ਗੁਰਮੀਤ ਸਿੰਘ ਖੁੱਡੀਆਂ, ਕੈਬਨਿਟ ਮੰਤਰੀ ਪੰਜਾਬ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੱਖ ਖੇਤੀਬਾੜੀ ਅਫ਼ਸਰ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ  ਸ੍ਰੀ ਗੁਰਨਾਮ ਸਿੰਘ ਵੱਲੋਂ ਜ਼ਿਲ੍ਹੇ ਅੰਦਰ ਵਿਭਾਗ ਦੇ ਅਧਿਕਾਰੀ/ਕਰਮਚਾਰੀਆਂ ਵੱਲੋਂ ਨਰਮੇਂ ਦੀ ਫ਼ਸਲ ਦਾ ਭਰਪੂਰ ਝਾੜ ਲੈਣ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਅੱਜ ਪਿੰਡ ਬਧਾਈ ਅਤੇ ਮੁਕਤਸਰ ਦਿਹਾਤੀ ਵਿਖੇ ਨਰਮੇਂ ਦੀ ਫ਼ਸਲ ਦਾ ਸਰਵੇਖਣ ਕੀਤਾ ਗਿਆ। ਉਨ੍ਹਾਂ ਵੱਲੋਂ ਦੱਸਿਆ ਗਿਆ ਇਸ ਸਮੇਂ ਨਰਮੇਂ ਦੀ ਫ਼ਸਲ ਲਈ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖਿਆ ਜਾਵੇ, ਕਿਉਂ ਜੋ ਇਹ ਦਿਨ ਇਸ ਫ਼ਸਲ ਲਈ ਬਹੁਤ ਅਹਿਮ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਨਰਮੇਂ ਦੀ ਫ਼ਸਲ ਫੁੱਲ ਡੋਡੀ ਤੇ ਹੈ ਅਤੇ ਟੀਂਡੇ ਬਣ ਰਹੇ ਹਨ, ਇਸ ਲਈ ਨਰਮੇਂ ਦੀ ਫ਼ਸਲ ਨੂੰ ਖਾਦ ਦੇ ਲੋੜੀਂਦੇ ਤੱਤਾਂ ਦੀ ਜ਼ਰੂਰਤ ਹੈ। ਇਸ ਲਈ ਖਾਦ ਛਿੱਟੇ ਰਾਹੀਂ ਨਾ ਪਾਈ ਜਾਵੇ ਸਗੋਂ ਪੱਤਿਆਂ ਰਾਹੀਂ ਦਿੱਤੀ ਜਾਵੇ। ਇਨ੍ਹਾਂ ਤੱਤਾਂ ਦੀ ਪੂਰਤੀ ਲਈ ਨਰਮੇਂ ਦੀ ਫ਼ਸਲ ਉਪਰ ਪੋਟਾਸ਼ੀਅਮ ਨਾਈਟ੍ਰੇਟ (13L0L45) ਦੋ ਕਿ:ਗ੍ਰਾ: ਪ੍ਰਤੀ ਏਕੜ ਦੀਆਂ 4 ਸਪਰੇਆਂ 7 ਦਿਨਾਂ ਦੇ ਵਕਫ਼ੇ ਤੇ ਕੀਤੀਆਂ ਜਾਣ। ਇਸ ਨਾਲ ਨਰਮੇਂ ਦੀ ਫ਼ਸਲ ਨੂੰ ਤਾਕਤ ਦੇ ਨਾਲ-ਨਾਲ ਖਾਦਾਂ ਦੀ ਪੂਰਤੀ ਹੋਵੇਗੀ ਅਤੇ ਫੁੱਲ ਡੋਡੀ ਨਹੀਂ ਡਿੱਗੇਗੀ ਅਤੇ ਪੂਰੇ ਟੀਂਡੇ ਬਣਨਗੇ। ਇਸ ਉਪਰੰਤ ਪੱਤਿਆਂ ਦੀ ਲਾਲੀ ਦੀ ਰੋਕਥਾਮ ਲਈ ਇੱਕ ਕਿ:ਗ੍ਰਾ: ਮੈਗਨੀਸ਼ੀਅਮ ਸਲਫ਼ੇਟ 100 ਲੀਟਰ ਪਾਣੀ ਵਿੱਚ ਘੋਲ ਕੇ 2 ਸਪਰੇਆਂ 7 ਦਿਨਾਂ ਦੇ ਵਕਫ਼ੇ ਤੇ ਕੀਤੀਆਂ ਜਾਣ। ਇਸ ਨਾਲ ਝਾੜ ਵੀ ਵਧਦਾ ਹੈ। ਮੁੱਖ ਖੇਤੀਬਾੜੀ ਅਫ਼ਸਰ ਅਨੁਸਾਰ ਸਰਵੇਖਣ ਦੌਰਾਨ ਜੇਕਰ ਕਿਸੇ ਕਿਸਾਨ ਦੀ ਨਰਮੇਂ ਦੀ ਫ਼ਸਲ ਉਪਰ ਗੁਲਾਬੀ ਸੁੰਡੀ ਦਾ ਹਮਲਾ ਪਾਇਆ ਜਾਂਦਾ ਹੈ ਤਾਂ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦੀ ਸਲਾਹ ਨਾਲ ਪੀ.ਏ.ਯੂ.,ਲੁਧਿਆਣਾ ਵੱਲੋਂ ਸਿਫਾਰਸ਼ ਕੀਤੀਆਂ ਸਪਰੇਆਂ ਕੀਤੀਆਂ ਜਾਣ। ਇਸ ਸਮੇਂ ਹਵਾ ਵਿੱਚ ਨਮੀਂ ਦੀ ਮਾਤਰਾ ਜਿਆਦਾ ਹੋਣ ਕਾਰਨ ਮੌਸਮ ਚਿੱਟੀ ਮੱਖੀ ਲਈ ਅਨੁਕੂਲ ਹੈ। ਇਸ ਲਈ ਨਰਮੇਂ ਵਾਲੇ ਖੇਤਾਂ ਦਾ ਲਗਾਤਾਰ ਸਰਵੇਖਣ ਕੀਤਾ ਜਾਵੇ ਅਤੇ ਜੇਕਰ ਕਿਤੇ ਵੀ ਚਿੱਟੀ ਮੱਖੀ ਦੇ ਬਾਲਗਾਂ ਦੀ ਗਿਣਤੀ ਪ੍ਰਤੀ ਪੱਤਾ 6 ਹੋ ਜਾਵੇ ਤਾਂ ਸਪਰੇਅ ਕਰਨ ਦੀ ਜ਼ਰੂਰਤ ਹੈ। ਲੋੜ ਪੈਣ ਤੇ ਚਿੱਟੀ ਮੱਖੀ ਦੀ ਰੋਕਥਾਮ ਲਈ ਕੀਟਨਾਸ਼ਕ ਦਵਾਈਆਂ ਅਦਲ ਬਦਲ ਕੇ ਸਪਰੇਅ ਕੀਤੀ ਜਾ ਸਕਦੀ ਹੈ। ਮੁੱਖ ਖੇਤੀਬਾੜੀ ਅਫ਼ਸਰ ਅਨੁਸਾਰ ਸਪਰੇਅ ਕਰਨ ਸਮੇਂ ਸਾਫ਼ ਪਾਣੀ ਦੀ ਵਰਤੋਂ ਕੀਤੀ ਜਾਵੇ। ਨਰਮੇਂ ਦੀ ਫ਼ਸਲ ਭਾਰੀ ਹੋਣ ਕਾਰਨ ਸਪਰੇਅ ਇਸ ਢੰਗ ਨਾਲ ਕੀਤੀ ਜਾਵੇ ਕਿ ਖੇਤ ਦੇ ਸਾਰੇ ਬੂਟੇ ਕਵਰ ਹੋ ਜਾਣ ਅਤੇ ਕਿਸੇ ਵੀ ਕਿਸਮ ਦੀ ਮੁਸ਼ਕਿਲ ਜਾਂ ਹੋਰ ਜਾਣਕਾਰੀ ਲੈਣ ਲਈ ਆਪਣੇ ਪਿੰਡ ਨਾਲ ਸਬੰਧਤ ਖੇਤੀਬਾੜੀ ਵਿਕਾਸ/ਵਿਸਥਾਰ ਅਫ਼ਸਰ ਜਾਂ ਬਲਾਕ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।