- ਸਿਹਤ ਮੰਤਰੀ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਖੜ੍ਹੇ ਪਾਣੀ ਦੀ ਨਿਕਾਸੀ, ਮੱਛਰ ਮਾਰ ਦਵਾਈ ਦਾ ਛਿੜਕਾਅ ਤੇ ਸਾਫ਼-ਸਫ਼ਾਈ ਦੇ ਦਿੱਤੇ ਆਦੇਸ਼
- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਹੜ੍ਹ ਮਾਰੇ ਲੋਕਾਂ ਦੇ ਨਾਲ ਖੜ੍ਹੀ-ਡਾ. ਬਲਬੀਰ ਸਿੰਘ
ਪਟਿਆਲਾ, 14 ਜੁਲਾਈ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਹੜ੍ਹ ਤੋਂ ਪ੍ਰਭਾਵਿਤ ਕੋਹਿਨੂਰ ਇਨਕਲੇਵ ਅਤੇ ਬਾਬਾ ਦੀਪ ਸਿੰਘ ਨਗਰ ਦਾ ਟ੍ਰੈਕਟਰ ਉਤੇ ਬੈਠਕੇ ਜਾਇਜ਼ਾ ਲਿਆ। ਉਨ੍ਹਾਂ ਨੇ ਇੱਥੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਭਰੋਸਾ ਦਿੱਤਾ ਕਿ ਤੁਰੰਤ ਹੀ ਖੜ੍ਹੇ ਪਾਣੀ ਦੀ ਨਿਕਾਸੀ ਕਰਵਾ ਕੇ ਇੱਥੇ ਸਾਫ਼-ਸਫ਼ਾਈ ਤੇ ਫਾਗਿੰਗ, ਮੱਛਰ ਮਾਰ ਤੇ ਐਂਟੀ ਲਾਰਵਾ ਦਵਾਈ ਛਿੜਕਾਈ ਜਾਵੇਗੀ। ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ 'ਤੇ ਇਸ ਸੰਕਟ ਦੀ ਸਥਿਤੀ ਵਿੱਚ ਪੰਜਾਬ ਸਰਕਾਰ ਲੋਕਾਂ ਦੇ ਨਾਲ ਖੜ੍ਹੀ ਹੈ। ਡਾ. ਬਲਬੀਰ ਸਿੰਘ ਨੇ ਆਪਣੇ ਨਾਲ ਟ੍ਰੈਕਟਰ ਉਤੇ ਗਏ ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ ਸ਼ਾਮ ਲਾਲ ਨੂੰ ਮੌਕੇ 'ਤੇ ਹੀ ਖੜ੍ਹੇ ਪਾਣੀ ਦੀ ਨਿਕਾਸੀ ਕਰਵਾਉਣ ਸਮੇਤ ਹੋਰ ਲੋੜੀਂਦੇ ਨਿਰਦੇਸ਼ ਦਿੱਤੇ। ਉਨ੍ਹਾਂ ਅੱਗੇ ਦੱਸਿਆ ਕਿ ਹੜ੍ਹ ਪ੍ਰਭਾਵਤ ਕਲੋਨੀਆਂ ਦੇ ਵਸਨੀਕਾਂ ਲਈ ਆਈ.ਐਮ.ਏ. ਪਟਿਆਲਾ ਦੇ ਸਹਿਯੋਗ ਨਾਲ ਮੁਫ਼ਤ ਮੈਡੀਕਲ ਕੈਂਪ ਪੁੱਡਾ ਦਫ਼ਤਰ ਫੇਜ-2, ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਗੇਟ ਨੰਬਰ-1 ਫੇਜ-1, ਨਵਾ ਬੱਸ ਅੱਡਾ, ਗੁਰਦੁਆਰਾ ਅੰਗੀਠਾ ਸਾਹਿਬ ਬਾਬਾ ਦੀਪ ਸਿੰਘ ਨਗਰ, ਪਲਾਟ ਨੰਬਰ-ਸੀ-109, ਫੋਕਲ ਪੁਆਇੰਟ, ਨਵੀਂ ਸਬਜੀ ਮੰਡੀ ਸਨੌਰ ਰੋਡ ਅਤੇ ਅਰਾਈ ਮਾਜਰਾ ਦੇ ਆਮ ਆਦਮੀ ਕਲੀਨਿਕ ਵਿਖੇ ਸ਼ੁਰੂ ਕੀਤੇ ਗਏ ਹਨ। ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਪੀਣ ਵਾਲੇ ਦੂਸ਼ਿਤ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਜਾਗਰੂਕ ਕਰਕੇ ਓ.ਆਰ.ਐਸ. ਦੇ ਪੈਕਟ ਤੇ ਕਲੋਰੀਨ ਦੀਆਂ ਗੋਲੀਆਂ ਵੰਡੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੀਣ ਵਾਲੇ ਪਾਣੀ ਦੀ ਸਪਲਾਈ ਸ਼ੁਰੂ ਹੋਣ ਦੇ ਤਿੰਨ ਦਿਨ ਤੱਕ ਇਸ ਪਾਣੀ ਦੀ ਵਰਤੋਂ ਪੀਣ ਲਈ ਨਾ ਕਰਕੇ ਨਾਹੁਣ ਜਾਂ ਕੱਪੜੇ ਤੇ ਭਾਂਡੇ ਆਦਿ ਧੋਣ੍ਹ ਲਈ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪੀਣ ਲਈ ਕੇਵਲ ਟੈਂਕਰ ਦਾ ਕਲੋਰੀਨ ਯੁਕਤ ਪਾਣੀ ਹੀ ਵਰਤਿਆ ਜਾਵੇ ਜਾਂ 20 ਲਿਟਰ ਪਾਣੀ ਵਿੱਚ 1 ਗੋਲੀ ਕਲੋਰੀਨ ਦੀ ਪਾ ਕੇ ਸਾਫ਼ ਪਾਣੀ ਹੀ ਪੀਤਾ ਜਾਵੇ। ਇਸ ਮੌਕੇ ਕਰਨਲ ਜੇ.ਵੀ ਸਿੰਘ ਤੇ ਬਲਵਿੰਦਰ ਸੈਣੀ ਵੀ ਮੌਜੂਦ ਵੀ ਮੌਜੂਦ ਸਨ।