
ਮੋਹਾਲੀ, 16 ਮਈ 2025 : ਕਰੀਬ ਦੋ ਮਹੀਨਾ ਪਹਿਲਾਂ ਨਾਮੀ ਪੰਜਾਬੀ ਗਾਇਕਾ ਤੇ ਅਦਾਕਰਾ ਸੁਨੰਦਾ ਸ਼ਰਮਾ ਨਾਲ ਵਿਵਾਦਹੋਣ ਕਾਰਨ ਚਰਚਾ ਵਿਚ ਚੱਲੇ ਆ ਰਹੇ ਪ੍ਰੋਡਿਊਸਰ ਪਿੰਕੀ ਧਾਲੀਵਾਲ ਦੇ ਘਰ ਅੱਗੇ ਬੀਤੀ ਰਾਤ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਕਰੀਬ ਸਾਢੇ-11 ਵਜੋਂ ਦੇ ਵਿਚਕਾਰ ਮੁਹਾਲੀ ਦੇ ਸੈਕਟਰ 71 ਵਿਚ ਸਥਿਤ ਪਿੰਕੀ ਦੇ ਘਰ ਅੱਗੇ ਦੋ ਬਾਈਕ ਸਵਾਰ ਨੌਜਵਾਨਾਂ ਵੱਲੋਂ 7-8 ਗੋਲੀਆਂ ਚਲਾਈਆਂ ਗਈਆਂ, ਜਿੰਨ੍ਹਾਂ ਵਿਚੋਂ ਕੁੱਝ ਗੋਲੀਆਂ ਉਸਦੇ ਘਰ ਦੇ ਗੇਟ ਨੂੰ ਵੀ ਲੱਗੀਆਂ। ਦੱਸਿਆ ਜਾ ਰਿਹਾ ਕਿ ਘਟਨਾ ਸਮੇਂ ਖੁਦ ਪਿੰਕੀ ਧਾਲੀਵਾਲ ਘਰ ਨਹੀਂ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਮੁਹਾਲੀ ਪੁਲਿਸ ਦੇ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲਿਸ ਅਧਿਕਾਰੀਆਂ ਮੁਤਾਬਕ ਘਟਨਾ ਸਮੇਂ ਮੁਹਾਲੀ ਵਿਚ ਮੀਂਹ ਪੈ ਰਿਹਾ ਸੀ ਤੇ ਬਿਜਲੀ ਦੀ ਸਪਲਾਈ ਵੀ ਬੰਦ ਸੀ। ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ। ਫ਼ਿਲਹਾਲ ਗੋਲੀਬਾਰੀ ਪਿੱਛੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਸੁਨੰਦਾ ਸ਼ਰਮਾ ਵਿਵਾਦ ਵਿਚ ਪਿੰਕੀ ਧਾਲੀਵਾਲ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਵੀ ਕੀਤਾ ਗਿਆ ਸੀ ਤੇ ਹਾਈਕੋਰਟ ਵਿਚੋਂ ਜਮਾਨਤ ਮਿਲੀ ਸੀ।