ਬਲਾਕ ਖੂਈਖੇੜਾ ਦੇ ਸਾਰੇ ਕੇਂਦਰਾਂ ਵਿੱਚ ਰਾਸ਼ਟਰੀ ਡੇਂਗੂ ਦਿਵਸ ਮਨਾਇਆ ਗਿਆ

  • ਸਕੂਲਾਂ, ਕਾਲਜਾਂ, ਪਿੰਡਾਂ ਅਤੇ ਉੱਚ ਜੋਖਮ ਵਾਲੇ ਖੇਤਰਾਂ ਵਿੱਚ ਬੱਚਿਆਂ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ: ਐਸਐਮਓ ਡਾ. ਗਾਂਧੀ

ਫਾਜ਼ਿਲਕਾ, 16 ਮਈ 2025 : ਸਿਵਲ ਸਰਜਨ ਫਾਜ਼ਿਲਕਾ ਡਾ. ਰਾਜ ਕੁਮਾਰ ਦੀ ਅਗਵਾਈ ਹੇਠ, ਡਾ. ਰੋਹਿਤ ਗੋਇਲ, ਡਾ. ਕਵਿਤਾ, ਡਾ. ਅਰਪਿਤ ਗੁਪਤਾ, ਡਾ. ਸੁਨੀਤਾ ਦੀ ਨਿਗਰਾਨੀ ਹੇਠ ਅਤੇ ਸੀਐਚਸੀ ਖੂਈਖੇੜਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਵਿਕਾਸ ਗਾਂਧੀ ਦੀ ਸਰਗਰਮ ਅਗਵਾਈ ਹੇਠ, ਅੱਜ ਰਾਸ਼ਟਰੀ ਡੇਂਗੂ ਦਿਵਸ 'ਤੇ ਸੀਐਚਸੀ ਖੂਈਖੇੜਾ ਅਧੀਨ ਆਉਂਦੇ ਸਾਰੇ ਪਿੰਡਾਂ ਵਿੱਚ ਡੇਂਗੂ ਬੁਖਾਰ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਗਈ। ਇਸ ਦੇ ਨਾਲ ਹੀ, ਨਰਸਿੰਗ ਕਾਲਜ ਦੇ ਵਿਦਿਆਰਥੀਆਂ ਦੀ ਮਦਦ ਨਾਲ ਖੂਈਖੇੜਾ ਵਿੱਚ ਡੇਂਗੂ ਜਾਗਰੂਕਤਾ ਰੈਲੀ ਵੀ ਕੱਢੀ ਗਈ। ਇਸ ਮੌਕੇ ਮੈਡੀਕਲ ਅਫ਼ਸਰ ਡਾ: ਲਵਪ੍ਰੀਤ ਕੰਬੋਜ, ਡਾ: ਗੌਰੀ ਸ਼ੰਕਰ, ਸੁਸ਼ੀਲ ਕੁਮਾਰ, ਦੇਵੀ ਲਾਲ, ਲਖਵਿੰਦਰ ਸਿੰਘ, ਇੰਦਰਜੀਤ ਸਿੰਘ, ਸੀਤਾ ਰਾਮ, ਮਨਦੀਪ ਸਿੰਘ, ਸਤਪਾਲ, ਸਤਨਾਰਾਇਣ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ | ਐਸਐਮਓ ਡਾ. ਗਾਂਧੀ ਨੇ ਦੱਸਿਆ ਕਿ ਅੱਜ ਰਾਸ਼ਟਰੀ ਡੇਂਗੂ ਦਿਵਸ ਦੇ ਮੌਕੇ 'ਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਬਲਾਕ ਦੇ ਸਾਰੇ ਪਿੰਡਾਂ ਦੇ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਬੱਚਿਆਂ ਅਤੇ ਆਮ ਲੋਕਾਂ, ਖਾਸ ਕਰਕੇ ਭੱਠਿਆਂ, ਝੁੱਗੀਆਂ-ਝੌਂਪੜੀਆਂ ਆਦਿ ਵਰਗੇ ਉੱਚ ਜੋਖਮ ਵਾਲੇ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਡੇਂਗੂ ਬੁਖਾਰ ਬਾਰੇ ਜਾਗਰੂਕ ਕੀਤਾ। ਡੇਂਗੂ ਦੀ ਬਿਮਾਰੀ ਬਾਰੇ ਜਾਗਰੂਕਤਾ ਪੈਦਾ ਕਰਦੇ ਹੋਏ ਸਿਹਤ ਕਰਮਚਾਰੀਆਂ ਨੇ ਕਿਹਾ ਕਿ ਡੇਂਗੂ ਤੋਂ ਬਚਣ ਲਈ, ਆਪਣੇ ਘਰ ਦੇ ਆਲੇ-ਦੁਆਲੇ ਜਾਂ ਘਰ ਵਿੱਚ ਰੱਖੇ ਖਾਲੀ ਭਾਂਡਿਆਂ ਵਿੱਚ ਸਾਫ਼ ਪਾਣੀ ਜ਼ਿਆਦਾ ਦੇਰ ਤੱਕ ਖੜ੍ਹਾ ਨਾ ਰਹਿਣ ਦਿਓ ਕਿਉਂਕਿ ਡੇਂਗੂ ਦਾ ਮੱਛਰ ਗੰਦੇ ਪਾਣੀ 'ਤੇ ਨਹੀਂ ਸਗੋਂ ਸਾਫ਼ ਪਾਣੀ 'ਤੇ ਪੈਦਾ ਹੁੰਦਾ ਹੈ ਅਤੇ ਦਿਨ ਵੇਲੇ ਕੱਟਦਾ ਹੈ। ਜਿਸ ਕਾਰਨ ਸਿਰ ਦਰਦ ਅਤੇ ਤੇਜ਼ ਬੁਖਾਰ ਹੁੰਦਾ ਹੈ, ਜੇਕਰ ਅਜਿਹਾ ਹੁੰਦਾ ਹੈ ਤਾਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿੱਚ ਜਾਓ ਅਤੇ ਡਾਕਟਰ ਦੀ ਸਲਾਹ ਲਓ। ਇਸ ਤੋਂ ਇਲਾਵਾ, ਸਿਹਤ ਵਿਭਾਗ ਨੇ ਹਫ਼ਤੇ ਵਿੱਚ ਇੱਕ ਦਿਨ, ਸ਼ੁੱਕਰਵਾਰ ਨੂੰ ਡਰਾਈ ਡੇਅ ਘੋਸ਼ਿਤ ਕੀਤਾ ਹੈ। ਉਸ ਦਿਨ, ਘਰਾਂ ਵਿੱਚ ਰੱਖੇ ਕੂਲਰਾਂ, ਗਮਲਿਆਂ ਅਤੇ ਫਰਿੱਜ ਦੀਆਂ ਟ੍ਰੇਆਂ ਨੂੰ ਜ਼ਰੂਰ ਸਾਫ਼ ਕਰੋ। ਅਜਿਹੀਆਂ ਸਾਵਧਾਨੀਆਂ ਵਰਤ ਕੇ ਹੀ ਅਸੀਂ ਡੇਂਗੂ ਤੋਂ ਬਚ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਸਿਹਤ ਕਰਮਚਾਰੀ ਹਰ ਰੋਜ਼ ਪਿੰਡਾਂ ਵਿੱਚ ਘਰ-ਘਰ ਜਾ ਕੇ ਫਰਿੱਜਾਂ ਦੀਆਂ ਟ੍ਰੇਆਂ, ਗਮਲਿਆਂ ਆਦਿ ਵਿੱਚ ਖੜ੍ਹੇ ਪਾਣੀ ਦੀ ਜਾਂਚ ਕਰ ਰਹੇ ਹਨ। ਤਾਂ ਜੋ ਡੇਂਗੂ ਵਾਇਰਸ ਨੂੰ ਉੱਥੇ ਹੀ ਨਸ਼ਟ ਕੀਤਾ ਜਾ ਸਕੇ। ਇਸ ਸਬੰਧੀ ਬਲਾਕ ਮਾਸ ਮੀਡੀਆ ਇੰਚਾਰਜ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਅੱਜ ਰਾਸ਼ਟਰੀ ਡੇਂਗੂ ਦਿਵਸ ਦੀਆਂ ਗਤੀਵਿਧੀਆਂ ਸਿਹਤ ਕਰਮਚਾਰੀਆਂ ਦੇ ਸਮੂਹ ਵੱਲੋਂ ਬਲਾਕ ਦੇ ਸਾਰੇ ਮੈਡੀਕਲ ਅਫਸਰਾਂ ਅਤੇ ਸਿਹਤ ਸੁਪਰਵਾਈਜ਼ਰਾਂ ਲਖਵਿੰਦਰ ਸਿੰਘ, ਰਾਜੀਵ ਜਸੂਜਾ, ਇੰਦਰਜੀਤ ਸਿੰਘ ਦੀ ਨਿਗਰਾਨੀ ਹੇਠ ਕਰਵਾਈਆਂ ਗਈਆਂ ਅਤੇ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਅਤੇ ਸਿਹਤ ਕਰਮਚਾਰੀਆਂ ਵੱਲੋਂ ਸਾਂਝੇ ਤੌਰ 'ਤੇ ਇੱਕ ਜਾਗਰੂਕਤਾ ਰੈਲੀ ਕੱਢੀ ਗਈ।