ਲੁਧਿਆਣਾ, 29 ਦਸੰਬਰ : ਮਾਲਵਾ ਸੱਭਿਆਚਾਰ ਮੰਚ ਵੱਲੋਂ ਸਮਾਜਿਕ ਤਾਣੇ ਬਾਣੇ ਵਿੱਚ ਆ ਰਹੇ ਨਿਘਾਰ ਨੂੰ ਰੋਕਣ ਲਈ ਵਿਚਾਰ ਗੋਸ਼ਟੀ ਤੇ ਕਵੀ ਦਰਬਾਰ 8 ਜਨਵਰੀ ਨੂੰ ਪੰਜਾਬੀ ਭਵਨ ਚ ਹੋਵੇਗਾ। ਇਹ ਜਾਣਕਾਰੀ ਮੰਚ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਦੇਂਦਿਆਂ ਦੱਸਿਆ ਕਿ ਮੁੱਖ ਬੁਲਾਰੇ ਉੱਘੇ ਲੇਖਕ ਤੇ ਸਾਬਕਾ ਪੁਲਿਸ ਕਮਿਸ਼ਨਰ (ਰੀਟ) ਗੁਰਪ੍ਰੀਤ ਸਿੰਘ ਤੂਰ ਅਤੇ ਇਸ ਸਾਲ ਦੇ ਪੰਜਾਬੀ ਵਿੱਚ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਸ਼੍ਰੀ ਸੁਖਜੀਤ ਸਿੰਘ ਮਾਛੀਵਾੜਾ ਹੋਣਗੇ। ਸਮਾਗਮ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਐੱਸ ਪੀ ਸਿੰਘ ਕਰਨਗੇ ਜਦ ਕਿ ਮੁੱਖ ਮਹਿਮਾਨ ਵਜੋਂ ਫ਼ਰੀਦਕੋਟ ਹਲਕੇ ਦੇ ਮੈਂਬਰ ਪਾਰਲੀਮੈਂਟ ਜਨਾਬ ਮੁਹੰਮਦ ਸਦੀਕ ਪੁੱਜਣਗੇ। ਮਾਲਵਾ ਸੱਭਿਆਚਾਰ ਮੰਚ ਦੀ ਇਸ ਸਬੰਧੀ ਹੋਈ ਇਕੱਤਰਤਾ ਵਿੱਚ ਸਰਪ੍ਰਸਤ ਪ੍ਰੋ. ਗੁਰਭਜਨ ਸਿੰਘ ਗਿੱਲ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਤੇ ਜਨਰਲ ਸਕੱਤਰ ਜਸਬੀਰ ਸਿੰਘ ਰਾਣਾ ਝਾਂਡੇ ਸ਼ਾਮਿਲ ਹੋਏ। ਇਹ ਵੀ ਫ਼ੈਸਲਾ ਕੀਤਾ ਗਿਆ ਕਿ ਇਸ ਸਾਲ ਦੇ ਭਾਰਤੀ ਸਾਹਿੱਤ ਅਕਾਡਮੀ ਪੁਰਸਕਾਰ ਵਿਜੇਤਾ ਕਹਾਣੀਕਾਰ ਸੁਖਜੀਤ ਨੂੰ ਮਾਲਵਾ ਸੱਭਿਆਚਾਰ ਮੰਚ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਕਵੀ ਦਰਬਾਰ ਦੇ ਕਨਵੀਨਰ ਤ੍ਰੈਲੋਚਨ ਲੋਚੀ ਤੇ ਡਾ. ਗੁਰਇਕਬਾਲ ਸਿੰਘ ਜਨਰਲ ਸਕੱਤਰ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਨੇ ਦੱਸਿਆ ਕਿ ਇਸ ਮੌਕੇ ਕਰਵਾਏ ਜਾਣ ਵਾਲੇ ਕਵੀ ਦਰਬਾਰ ਵਿੱਚ ਪ੍ਰੋ. ਰਵਿੰਦਰ ਭੱਠਲ,ਸਵਰਨਜੀਤ ਸਵੀ,ਜਸਵੀਰ ਝੱਜ,ਪ੍ਰਭਜੋਤ ਸੋਹੀ,ਮਨਜਿੰਦਰ ਧਨੋਆ,ਰਾਜਦੀਪ ਤੂਰ,ਦਵਿੰਦਰ ਕੌਰ ਗਿੱਲ ਕਲਕੱਤਾ ,ਗੁਰਦਿਆਲ ਸ਼ੌਂਕੀ, ਜਸਵਿੰਦਰ ਧਨਾਨਸੂ,ਗੁਰਚਰਨ ਕੌਰ ਕੋਚਰ ,ਹਰਬੰਸ ਮਾਲਵਾ,ਹਰਸਿਮਰਤ ਕੌਰ,ਅਮਰਜੀਤ ਸ਼ੇਰਪੁਰੀ,ਕਰਮਜੀਤ ਗਰੇਵਾਲ ਤੇ ਬਲਦੇਵ ਸਿੰਘ ਝੱਜ ਸ਼ਾਮਿਲ ਹੋਣਗੇ।