- ਕੌਮੀ ਪੱਧਰ ਦੀਆਂ ਖੇਡਾਂ ਦੀ ਤਿਆਰੀ ਕਰਨ ਵਾਲੇ ਖਿਡਾਰੀਆਂ ਨੂੰ ਸਰਕਾਰ ਵੱਲੋਂ ਦਿੱਤੀ ਜਾ ਰਹੀ ਵੱਡੀ ਮਾਲੀ ਸਹਾਇਤਾ
- ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ਼ ਵਿਖੇ ਖੇਡਾਂ ਵਤਨ ਪੰਜਾਬ ਦੀਆਂ, ਸੀਜ਼ਨ-2 ਤਹਿਤ ਬਲਾਕ ਪੱਧਰੀ ਖੇਡਾਂ ਦਾ ਕੀਤਾ ਉਦਘਾਟਨ
- ਡੀ.ਸੀ. ਵੱਲੋਂ ਜ਼ਿਲ੍ਹੇ ਦੇ ਖਿਡਾਰੀਆਂ ਨੂੰ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ
- ਬਲਾਕ ਪੱਧਰੀ ਖੇਡਾਂ ਵਿੱਚ 5000 ਤੋਂ ਵੱਧ ਖਿਡਾਰੀ ਲੈ ਰਹੇ ਹਨ ਭਾਗ
ਫ਼ਤਹਿਗੜ੍ਹ ਸਾਹਿਬ, 01 ਸਤੰਬਰ : ਖੇਡਾਂ ਮਨੁੱਖੀ ਜੀਵਨ ਦਾ ਅਟੁੱਟ ਅੰਗ ਹਨ ਅਤੇ ਪੰਜਾਬ ਦੇ ਲੋਕਾਂ ਨੂੰ ਹਮੇਸ਼ਾਂ ਹੀ ਖੇਡਾਂ ਨਾਲ ਵਿਸ਼ੇਸ਼ ਲਗਾਵ ਰਿਹਾ ਹੈ। ਇੱਕ ਸਮਾਂ ਅਜਿਹਾ ਵੀ ਆਇਆ ਕਿ ਸਾਡੇ ਨੌਜਵਾਨ ਮਾੜੀ ਸੰਗਤ ਵਿੱਚ ਫਸ ਕੇ ਖੇਡਾਂ ਤੋਂ ਦੂਰ ਜਾਣ ਲੱਗ ਪਏ ਸਨ ਪ੍ਰੰਤੂ ਮੌਜੂਦਾ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕਰਵਾ ਕੇ ਨੌਜਵਾਨਾਂ ਅੰਦਰ ਇੱਕ ਨਵਾਂ ਜੋਸ਼ ਭਰਿਆ ਗਿਆ ਜਿਸ ਸਦਕਾ ਅੱਜ ਪਿੰਡਾਂ ਤੇ ਸ਼ਹਿਰਾਂ ਦੇ ਖੇਡ ਮੈਦਾਨਾਂ ਵਿੱਚ ਨੌਜਵਾਨ ਪੂਰੇ ਉਤਸਾਹ ਨਾਲ ਆ ਰਹੇ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ਼ ਦੇ ਇਨਡੋਰ ਸਟੇਡੀਅਮ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਅਧੀਨ ਬਲਾਕ ਪੱਧਰੀ ਖੇਡਾਂ ਦਾ ਉਦਘਾਟਨ ਕਰਨ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਹੋਰ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਦੇ ਪਹਿਲੇ ਸੀਜ਼ਨ ਦੀ ਸਫਲਤਾ ਨੇ ਖੇਡਾਂ ਦੇ ਖੇਤਰ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ ਅਤੇ ਇਸੇ ਤਰ੍ਹਾਂ ਸੀਜ਼ਨ-2 ਨੂੰ ਵੀ ਸਫਲਤਾ ਦੇ ਸ਼ਿਖਰਾਂ ਤੇ ਲਿਜਾਇਆ ਜਾਵੇਗਾ। ਪਰਨੀਤ ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਨਵੀਂ ਖੇਡ ਨੀਤੀ ਵਿੱਚ ਜਿਥੇ ਖਿਡਾਰੀਆਂ ਨੂੰ ਦਿੱਤੇ ਜਾਣ ਵਾਲੇ ਨਗਦ ਇਨਾਮਾਂ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ ਉਥੇ ਹੀ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ਤੇ ਖੇਡਾਂ ਦੀ ਤਿਆਰੀ ਕਰਨ ਵਾਲੇ ਖਿਡਾਰੀਆਂ ਨੂੰ ਡਾਇਟ ਲਈ ਦਿੱਤੀ ਜਾਣ ਵਾਲੀ ਰਾਸ਼ੀ ਵਿੱਚ ਵੀ ਵੱਡਾ ਵਾਧਾ ਕੀਤਾ ਗਿਆ ਹੈ ਜਿਸ ਨਾਲ ਖਿਡਾਰੀ ਆਧੁਨਿਕ ਢੰਗ ਤਕਨੀਕਾਂ ਨਾਲ ਆਪਣੀ ਖੇਡ ਦੀ ਤਿਆਰੀ ਕਰਕੇ ਆਪਣੇ ਸੂਬੇ ਤੇ ਦੇਸ਼ ਦਾ ਨਾਮ ਦੁਨੀਆਂ ਭਰ ਵਿੱਚ ਰੌਸ਼ਨ ਕਰ ਸਕਣਗੇ। ਉਨ੍ਹਾਂ ਕਿਹਾ ਕਿ ਖੇਡਾਂ ਵਿੱਚ ਪੰਜਾਬ ਦੀ ਅਮੀਰ ਵਿਰਾਸਤ ਰਹੀ ਹੈ ਅਤੇ ਪੰਜਾਬ ਨੇ ਦੇਸ਼ ਨੂੰ ਕਈ ਵੱਡੇ ਖਿਡਾਰੀ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਾਡੇ ਪਿੰਡਾਂ ਵਿੱਚ ਰਹਿੰਦੇ ਖਿਡਾਰੀ ਪਹਿਲਾਂ ਕਈ ਤਰ੍ਹਾਂ ਦੀਆਂ ਕਮੀਆਂ ਕਾਰਨ ਅੱਗੇ ਨਹੀਂ ਵੱਧ ਸਕਦੇ ਸਨ ਪ੍ਰੰਤੂ ਹੁਣ ਸਰਕਾਰ ਇਨ੍ਹਾਂ ਖਿਡਾਰੀਆਂ ਨੂੰ ਅੱਗੇ ਵੱਧਣ ਦੀ ਵਧੇਰੇ ਮੌਕੇ ਪ੍ਰਦਾਨ ਕਰ ਰਹੀ ਹੈ, ਜਿਸ ਨੂੰ ਵੇਖ ਕੇ ਕਿਹਾ ਜਾ ਸਕਦਾ ਹੈ ਕਿ ਖੇਡਾਂ ਵਿੱਚ ਪੰਜਾਬ ਦਾ ਭਵਿੱਖ ਬਹੁਤ ਉਜਵਲ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੱਜ ਜਦੋਂ ਕਿ ਸਾਡੇ ਨੌਜਵਾਨ ਨਸ਼ਿਆਂ ਵਰਗੀ ਲਾਹਣਤ ਵਿੱਚ ਫਸਦੇ ਜਾ ਰਹੇ ਹਨ ਤਾਂ ਉਸ ਸਮੇਂ ਸਿਰਫ ਖੇਡਾਂ ਹੀ ਇੱਕ ਅਜਿਹਾ ਸਾਧਨ ਹਨ ਜਿਨ੍ਹਾਂ ਨਾਲ ਜੁੜ ਕੇ ਸਾਡੇ ਨੌਜਵਾਨ ਨਸ਼ਿਆਂ ਵਰਗੀ ਲਾਹਣਤ ਤੋਂ ਦੂਰ ਰਹਿ ਕੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਵਿੱਚ ਅਹਿਮ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਵਾਸਤੇ ਵੱਧ ਤੋਂ ਵੱਧ ਉਪਰਾਲੇ ਕਰਨ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਕਰਵਾਈਆਂ ਜਾ ਰਹੀਆਂ ਬਲਾਕ ਪੱਧਰੀ ਤੇ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਭਾਗ ਲੈਣ ਤਾਂ ਜੋ ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜ਼ਨ-2 ਨੂੰ ਹੋਰ ਸਫਲ ਬਣਾਇਆ ਜਾ ਸਕੇ। ਉਨ੍ਹਾਂ ਇਸ ਮੌਕੇ ਬਲਾਕ ਪੱਧਰੀ ਖੇਡਾਂ ਸ਼ੁਰੂ ਕਰਨ ਦਾ ਰਸਮੀ ਐਲਾਨ ਕੀਤਾ ਅਤੇ ਖਿਡਾਰੀਆਂ ਨਾਲ ਜਾਣ ਪਹਿਚਾਣ ਵੀ ਕੀਤੀ। ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਸ਼੍ਰੀ ਕੁਲਦੀਪ ਚੁੱਘ ਨੇ ਦੱਸਿਆ ਕਿ ਅੱਜ ਤੋਂ ਸ਼ੁਰੂ ਹੋਈਆਂ ਬਲਾਕ ਪੱਧਰੀ ਖੇਡਾਂ ਵਿੱਚ 5000 ਤੋਂ ਵੱਧ ਖਿਡਾਰੀ ਭਾਗ ਲੈ ਰਹੇ ਹਨ ਅਤੇ ਇਨ੍ਹਾਂ ਖੇਡਾਂ ਵਿੱਚ ਐਥਲੈਟਿਕਸ, ਫੁੱਟਬਾਲ, ਵਾਲੀਬਾਲ (ਸ਼ੂਟਿੰਗ ਅਤੇ ਸਮੈਸ਼ਿੰਗ, ਕਬੱਡੀ (ਨੈਸ਼ਨਲ ਤੇ ਸਰਕਲ ਸਟਾਇਲ), ਖੋਹ-ਖੋਹ ਅਤੇ ਰੱਸਾ ਕੱਸੀ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਜਿਹੜੇ ਖਿਡਾਰੀ ਜਾਂ ਟੀਮਾਂ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ ਤੇ ਜਿਨ੍ਹਾਂ ਨੇ ਆਨ ਲਾਇਨ ਰਜਿਸਟਰੇਸ਼ਨ ਨਹੀਂ ਕਰਵਾਈ ਉਹ ਮੌਕੇ ਤੇ ਵੀ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬਲਾਕ ਪੱਧਰੀ ਖੇਡਾਂ 9 ਸਤੰਬਰ ਤੱਕ ਕਰਵਾਈਆਂ ਜਾਣਗੀਆਂ। ਇਸ ਮੌਕੇ ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਸ਼੍ਰੀ ਹਰਪ੍ਰੀਤ ਸਿੰਘ ਅਟਵਾਲ, ਸਹਾਇਕ ਕਮਿਸ਼ਨਰ (ਜ) ਸ਼੍ਰੀ ਅਭਿਸ਼ੇਕ ਸ਼ਰਮਾ, ਬਾਸਕਟਬਾਲ ਕੋਚ ਸ਼੍ਰੀ ਰਾਹੁਲਦੀਪ ਸਿੰਘ ਤੋਂ ਇਲਾਵਾ ਕੋਚਿਜ਼, ਅਧਿਆਪਕ, ਖੇਡ ਪ੍ਰੇਮੀ ਤੇ ਵੱਡੀ ਗਿਣਤੀ ਵਿੱਚ ਖਿਡਾਰੀ ਮੌਜੂਦ ਸਨ।