- *ਵਿਭਾਗ ਦੀਆਂ ਟੀਮਾਂ ਲੋਕਾਂ ਨੂੰ ਕਰ ਰਹੀਆਂ ਹਨ ਜਾਗਰੂਕ
ਮਾਨਸਾ 24 ਜੁਲਾਈ : ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਅਤੇ ਡਾ. ਅਰਸ਼ਦੀਪ ਸਿੰਘ ਜ਼ਿਲ੍ਹਾ ਐਪੀਡੀਮੋਲੋਜਿਸਟ ਦੇ ਦਿਸ਼ਾ ਨਿਰਦੇਸ਼ਾਂ ’ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਫੋਗਿੰਗ ਕਰਵਾਈ ਜਾ ਰਹੀ ਹੈ। ਸਿਵਲ ਸਰਜਨ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਮੌਸਮੀ ਬਿਮਾਰੀਆਂ ਨਾ ਫੈਲਣ ਇਸ ਦੇ ਲਈ ਡਾ. ਵੇਦ ਪ੍ਰਕਾਸ਼ ਸੰਧੂ ਦੀ ਨਿਗਰਾਨੀ ਹੇਠ ਪਿੰਡ ਸਾਧੂਵਾਲਾ, ਰੋੜਕੀ ਅਤੇ ਫੁਸਮੰਡੀ ਅਤੇ ਸਰਦੂਲਗੜ੍ਹ ਦੇ ਵਾਰਡ ਨੰਬਰ 2, 3 ਅਤੇ 5 ਵਿੱਚ ਫੌਗਿੰਗ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਲੋਕਾਂ ਦੀ ਸਿਹਤ ਸੁਰੱਖਿਆ ਲਈ ਹਰ ਸਮੇਂ ਤਤਪਰ ਹੈ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। ਸ੍ਰੀ ਸੰਤੋਸ਼ ਭਾਰਤੀ ਨੇ ਦੱਸਿਆ ਕਿ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਗੁਰੂਘਰ ਤੋਂ ਮੁਨਿਆਦੀ ਵੀ ਕਰਵਾਈ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸ਼ਹਿਰ ਮਾਨਸਾ ਵਿਖੇ ਵੀ ਡੇਂਗੂ ਮੱਛਰ ਤੋਂ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਟੀਮਾਂ ਕਾਰਜਸ਼ੀਲ ਹਨ। ਸ਼ਹਿਰ ਵਿਖੇ ਦੋ ਟੀਮਾਂ ਕੰਮ ਕਰ ਰਹੀਆਂ ਹਨ ਜਿਨ੍ਹਾਂ ਵਿੱਚ ਇੱਕ ਬਹੁਮੰਤਵੀ ਸਿਹਤ ਕਰਮਚਾਰੀ, ਇੰਸਕਟ ਕੁਲੈਕਟਰ ਅਤੇ 2 ਬਰਿਡਿੰਗ ਚੈਕਰ ਹੁੰਦੇ ਹਨ ਜੋ ਘਰਾਂ ਵਿੱਚ ਮੱਛਰਾਂ ਦੇ ਪ੍ਰਜਨਣ ਸਥਾਨਾਂ ਦੀ ਪਛਾਣ ਕਰਕੇ ਤਰੁੰਤ ਲਾਰਵੇ ਨੂੰ ਨਸ਼ਟ ਕਰਦੇ ਹਨ।