ਪਟਿਆਲਾ, 24 ਜੁਲਾਈ : ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਹੈ ਕਿ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੁਰਜ਼ੋਰ ਯਤਨ ਕਰ ਰਿਹਾ ਹੈ। ਉਨ੍ਹਾਂ ਨੇ ਹੜ੍ਹ ਤੋਂ ਪੀੜਤ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਦਰਖ਼ਾਸਤ ਆਪਣੇ ਇਲਾਕੇ ਦੇ ਸਬੰਧਤ ਐਸ.ਡੀ.ਐਮਜ਼ ਦੇ ਦਫ਼ਤਰ ਵਿਖੇ ਪਹੁੰਚਾਉਣ ਜਾਂ ਫਿਰ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਵੀ ਅਜਿਹੀਆਂ ਦਰਖ਼ਾਸਤਾਂ ਦਿੱਤੀਆਂ ਜਾ ਸਕਦੀਆਂ ਹਨ। ਅੱਜ ਇੱਥੇ ਹੜ੍ਹਾਂ ਬਾਬਤ ਇਕ ਜਾਇਜ਼ਾ ਮੀਟਿੰਗ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਮੁਤਾਬਕ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਜਲ ਨਿਕਾਸ ਵਿਭਾਗ ਵੱਲੋਂ ਡਰੋਨ ਸਰਵੇ ਵੀ ਕਰਵਾਇਆ ਗਿਆ ਹੈ, ਜਦਕਿ ਪਟਵਾਰੀਆਂ ਵੱਲੋਂ ਖੇਤਾਂ ਵਿੱਚ ਫ਼ਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਵੀ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਨੇ ਆਪਣੇ ਖੇਤ ਵਿੱਚ ਫ਼ਸਲ ਦੁਬਾਰਾ ਬੀਜਣੀ ਹੈ, ਪਰ ਕਿਸੇ ਕਾਰਨ ਉਸਦੇ ਖੇਤਾਂ ਦਾ ਅਜੇ ਸਰਕਾਰੀ ਪੱਧਰ 'ਤੇ ਕੋਈ ਮੁਆਇਨਾ ਨਹੀਂ ਕੀਤਾ ਜਾ ਸਕਿਆ ਹੈ ਤਾਂ ਉਹ ਕਿਸਾਨ ਖ਼ੁਦ ਆਪਣੇ ਖੇਤਾਂ ਦੀਆਂ ਕਿਸੇ ਨਿਸ਼ਾਨੀ ਵਾਲੀਆਂ ਫੋਟੋਆਂ ਅਤੇ ਵੀਡੀਓਜ਼ ਬਣਾ ਕੇ ਰੱਖ ਸਕਦਾ ਹੈ।