ਬਠਿੰਡਾ, 30 ਅਕਤੂਬਰ : ਸਾਬਕਾ ਮੰਤਰੀ ਅਤੇ ਭਾਜਪਾ ਦੀ ਕੋਰ ਕਮੇਟੀ ਦੇ ਮੈਂਬਰ ਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਵਿਜੀਲੈਂਸ ਬਠਿੰਡਾ ਅੱਗੇ ਪੇਸ਼ ਹੋਣ ਸਬੰਧੀ ਭੰਬਲ ਭੂਸਾ ਲਗਾਤਾਰ ਬਰਕਰਾਰ ਹੈ। ਪਲਾਟਾਂ ਦੀ ਖਰੀਦੋ ਫਰੋਖਤ ਮਾਮਲੇ ਵਿੱਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਪੜਤਾਲ ਦਾ ਸਾਹਮਣਾ ਕਰ ਰਹੇ ਸਾਬਕਾ ਵਿੱਤ ਮੰਤਰੀ ਨੂੰ ਵਿਜੀਲੈਂਸ ਨੇ 31 ਅਕਤੂਬਰ ਸਵੇਰੇ ਬਠਿੰਡਾ ਦਫ਼ਤਰ ਵਿੱਚ ਪੇਸ਼ ਹੋਣ ਲਈ ਇੱਕ ਵਾਰ ਮੁੜ ਸੰਮਨ ਜਾਰੀ ਕੀਤੇ ਹਨ। ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲ ਦੇ ਵਕੀਲ ਸੁਖਦੀਪ ਸਿੰਘ ਭਿੰਡਰ ਦਾ ਕਹਿਣਾ ਹੈ ਕਿ ਮਨਪ੍ਰੀਤ ਬਾਦਲ ਅੱਜ ਆਪਣੀ ਦੀ ਰੀੜ੍ਹ ਦੀ ਹੱਡੀ ’ਚ ਨੁਕਸ ਹੋਣ ਕਰਕੇ ਪੀਜੀਆਈ ਚੰਡੀਗੜ੍ਹ ਇਲਾਜ਼ ਲਈ ਗਏ ਹੋਏ ਹਨ। ਉਨ੍ਹਾਂ ਨੂੰ ਤੁਰਨ-ਫਿਰਨ ਵਿੱਚ ਦਿੱਕਤ ਹੁੰਦੀ ਹੈ ਇਸ ਲਈ ਉਹ ਡਾਕਟਰਾਂ ਦੀ ਸਲਾਹ ਅਨੁਸਾਰ ਹੀ ਪੇਸ਼ੀ ’ਤੇ ਹਾਜ਼ਰ ਹੋਣ ਬਾਰੇ ਲੈਣਗੇ।ਇਸ ਮਾਮਲੇ ’ਚ ਸ੍ਰੀ ਬਾਦਲ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਅੰਤਰਿਮ ਜ਼ਮਾਨਤ ਮਿਲੀ ਹੋਈ ਹੈ ਜਿਸ ਦੀ ਅਗਲੀ ਸੁਣਵਾਈ 7 ਦਸੰਬਰ ਨੂੰ ਹੋਵੇਗੀ। ਉਨ੍ਹਾਂ ਨੂੰ 23 ਅਕਤੂਬਰ ਨੂੰ ਵੀ ਵਿਜੀਲੈਂਸ ਵੱਲੋਂ ਜਾਂਚ ’ਚ ਸਹਿਯੋਗ ਲਈ ਸੰਮਨ ਜਾਰੀ ਕੀਤੇ ਗਏ ਸਨ ਪਰ ਸਿਹਤ ਠੀਕ ਨਾ ਹੋਣ ਕਰਕੇ ਉਨ੍ਹਾਂ ਦੇ ਵਕੀਲ ਨੇ ਮੈਡੀਕਲ ਸਰਟੀਫਿਕੇਟ ਦੇ ਕੇ ਪੇਸ਼ੀ ਤੋਂ ਛੋਟ ਲੈ ਲਈ ਸੀ। ਉਸ ਦਿਨ ਵਕੀਲ ਨੇ ਵਿਜੀਲੈਂਸ ਨੂੰ ਲੋੜੀਂਦੇ ਦਸਤਾਵੇਜ਼ ਅਤੇ ਮਨਪ੍ਰੀਤ ਬਾਦਲ ਦਾ ਪਾਸਪੋਰਟ ਵੀ ਸੌਂਪ ਦਿੱਤਾ ਸੀ। ਗੌਰਤਲਬ ਹੈ ਕਿ ਬਠਿੰਡਾ ’ਚ ਬੀਡੀਏ ਦੇ ਪਲਾਟ ਖ਼ਰੀਦ ਮਾਮਲੇ ’ਚ ਕਥਿਤ ਘੁਟਾਲੇ ਸਬੰਧੀ ਵਿਜੀਲੈਂਸ ਨੇ ਮਨਪ੍ਰੀਤ ਸਿੰਘ ਬਾਦਲ ਸਮੇਤ ਕੁੱਲ 6 ਜਣਿਆਂ ਨੂੰ ਕੇਸ ਵਿਚ ਨਾਮਜ਼ਦ ਕੀਤਾ ਸੀ। ਇਨ੍ਹਾਂ ’ਚੋਂ ਤਿੰਨ ਜਣੇ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜੇ ਜਾ ਚੁੱਕੇ ਹਨ। ਦੋ ਅਧਿਕਾਰੀਆਂ ਦੀ ਅਗਾਊਂ ਜ਼ਮਾਨਤ ਲਈ ਅਰਜ਼ੀ ਬਠਿੰਡਾ ਨੇ ਰੱਦ ਕਰ ਦਿੱਤੀ ਸੀ।