- 80 ਘੜ੍ਹਾ ਅਤੇ ਭਾਂਡੇ ਨਿਰਮਾਤਾ ਕਾਰੀਗਰਾਂ ਲਈ 10 ਦਿਨਾਂ ਸਿਖ਼ਲਾਈ ਪ੍ਰੋਗਰਾਮ ਸ਼ੁਰੂ
- ਦੀਵਾਲੀ ਮੌਕੇ ਆਧੁਨਿਕ ਤਕਨੀਕ ਨਾਲ ਵਸਤਾਂ ਤਿਆਰ ਕਰਕੇ ਵੇਚਣ ਦਾ ਟੀਚਾ ਮਿੱਥਿਆ
- ਵੱਖਰੀ ਪਛਾਣ ਬਣਾਉਣ ਅਤੇ ਆਰਥਿਕਤਾ ਉੱਪਰ ਚੁੱਕਣ ਲਈ ਸੰਗਠਿਤ ਹੋਣਾ ਸਮੇਂ ਦੀ ਲੋੜ : ਡਿਪਟੀ ਕਮਿਸ਼ਨਰ
ਮੋਗਾ, 15 ਜੁਲਾਈ : ਜ਼ਿਲ੍ਹਾ ਮੋਗਾ ਵਿੱਚ ਹੱਥ ਨਾਲ ਘੜੇ ਅਤੇ ਹੋਰ ਭਾਂਡੇ ਬਣਾਉਣ ਵਾਲੇ ਕਾਰੀਗਰਾਂ ਨੂੰ ਵਿਸ਼ਵ ਪੱਧਰ ਦੇ ਭਾਂਡੇ ਤਿਆਰ ਕਰਨ ਲਈ ਸੰਜੋਇਆ ਗਿਆ ਸੁਪਨਾ ਹੁਣ ਹਕੀਕਤ ਬਣਨ ਲੱਗਾ ਹੈ। ਇਹਨਾਂ ਕਾਰੀਗਰਾਂ ਨੂੰ ਆਧੁਨਿਕ ਤਕਨੀਕ ਨਾਲ ਵਸਤਾਂ ਤਿਆਰ ਕਰਨ ਦੇ ਸਮਰੱਥ ਬਣਾਉਣ ਲਈ 10 ਦਿਨਾਂ ਸਿਖ਼ਲਾਈ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ। ਸਮੂਹ ਕਾਰੀਗਰ ਇਸ ਸਿਖ਼ਲਾਈ ਪ੍ਰੋਗਰਾਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਦੱਸਿਆ ਕਿ ਦੇਸ਼ ਦੀ ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਮੌਕੇ ਜ਼ਿਲ੍ਹਾ ਮੋਗਾ ਦੇ 80 ਘੜ੍ਹਾ ਅਤੇ ਭਾਂਡੇ ਨਿਰਮਾਤਾ ਕਾਰੀਗਰਾਂ ਦੀ ਚੋਣ ਕੀਤੀ ਗਈ ਹੈ, ਜਿੰਨਾ ਨੂੰ ਘੁਮਾਰ ਸਸ਼ਕਤੀਕਰਨ ਯੋਜਨਾ ਅਤੇ ਸਿਦਬੀ ਵੱਲੋਂ ਸਪਾਂਸਰ ਗਰਾਂਟ ਥੋਰਨਟਨ ਯੋਜਨਾ ਤਹਿਤ ਆਧੁਨਿਕ ਤਕਨੀਕ ਨਾਲ ਘੜ੍ਹਾ ਅਤੇ ਭਾਂਡੇ ਨਿਰਮਾਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਇਹ ਘੜ੍ਹਾ ਅਤੇ ਭਾਂਡੇ ਨਿਰਮਾਤਾ ਕਾਰੀਗਰ ਪਹਿਲਾਂ ਸਿਰਫ ਸਾਧਾਰਨ ਘੜ੍ਹੇ ਅਤੇ ਦੀਵੇ ਹੀ ਹੱਥਾਂ ਨਾਲ ਤਿਆਰ ਕਰਦੇ ਸਨ ਪਰ ਹੁਣ ਇਹਨਾਂ ਨੂੰ ਸਿਖਲਾਈ ਉਪਰੰਤ ਆਧੁਨਿਕ ਮਸ਼ੀਨਾਂ ਭਾਰੀ ਸਬਸਿਡੀ (ਕਰੀਬ 80 ਫ਼ੀਸਦ) ਉਪਰ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਦਾ ਟੀਚਾ ਹੈ ਕਿ ਇਹਨਾਂ ਕਾਰੀਗਰਾਂ ਨੂੰ ਜਲਦ ਤੋਂ ਜਲਦ ਸਿਖਲਾਈ ਦੇ ਕੇ ਮਸ਼ੀਨਾਂ ਮੁਹਈਆ ਕਰਵਾਈਆਂ ਜਾਣ ਤਾਂ ਜੋ ਇਹ ਦੀਵਾਲੀ ਮੌਕੇ ਆਧੁਨਿਕ ਤਕਨੀਕ ਨਾਲ ਤਿਆਰ ਵਸਤਾਂ ਵੇਚ ਕੇ ਜਿਆਦਾ ਮੁਨਾਫ਼ਾ ਕਮਾ ਸਕਣ। ਉਹਨਾਂ ਦੱਸਿਆ ਕਿ ਇਹਨਾਂ ਕਾਰੀਗਰਾਂ ਦਾ ਕਲੱਸਟਰ ਬਣਾ ਕੇ ਸ਼ਨਾਖ਼ਤੀ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ। ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਕਿਹਾ ਕਿ ਜ਼ਿਲਾ ਮੋਗਾ ਦੇ ਇਹ ਚੰਗੇ ਭਾਗ ਹਨ ਕਿ ਇਥੇ ਵੱਡੀ ਗਿਣਤੀ ਵਿੱਚ ‘ਘੜਾ ਤੇ ਭਾਂਡੇ ਨਿਰਮਾਤਾ’ ਪਰਿਵਾਰ ਰਹਿੰਦੇ ਹਨ ਪਰ ਕਿਸੇ ਕਾਰਨਾਂ ਕਰਕੇ ਆਪਣੇ ਆਪ ਨੂੰ ਆਰਥਿਕ ਤੌਰ ਉੱਤੇ ਉੱਪਰ ਚੁੱਕਣ ਲਈ ਇਹ ਸੰਗਠਿਤ ਨਹੀਂ ਹੋ ਸਕੇ। ਹੁਣ ਇਹਨਾਂ ਨੂੰ ਸੰਗਠਿਤ ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਸਕੀਮਾਂ ਦਾ ਲਾਭ ਦੇ ਕੇ ਇਹਨਾਂ ਨੂੰ ਵਿਸ਼ਵ ਪੱਧਰ ਦੇ ਭਾਂਡੇ ਬਣਾਉਣ ਦੇ ਕਾਬਿਲ ਬਣਾਇਆ ਜਾ ਰਿਹਾ ਹੈ। ਇਸ ਨਾਲ ਜ਼ਿਲ੍ਹਾ ਮੋਗਾ ਦਾ ਨਾਮ ਵਿਸ਼ਵ ਪੱਧਰ ਉੱਤੇ ਆ ਜਾਵੇਗਾ। ਉਹਨਾਂ ਘੜਾ ਤੇ ਭਾਂਡੇ ਨਿਰਮਾਤਾਵਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਮੋਗਾ ਦੀ ਸ਼ਾਨ ਬਣਾਉਣ ਵਿੱਚ ਅੱਗੇ ਆਉਣ। ਉਨਾਂ ਕਿਹਾ ਕਿ ਵੱਖਰੀ ਪਛਾਣ ਬਣਾਉਣ ਅਤੇ ਆਰਥਿਕਤਾ ਉੱਪਰ ਚੁੱਕਣ ਲਈ ਸੰਗਠਿਤ ਹੋਣਾ ਸਮੇਂ ਦੀ ਲੋੜ ਹੈ। ਉਹਨਾਂ ਕਿਹਾ ਕਿ ਆਮ ਲੋਕ ਜਾਗਰੂਕਤਾ ਦੀ ਕਮੀ ਕਾਰਨ ਵੱਖ-ਵੱਖ ਲਾਭਾਂ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਲਈ ਉਹਨਾਂ ਨੂੰ ਲੋੜੀਂਦਾ ਮਾਰਗ ਦਰਸ਼ਨ ਕਰਨ ਲਈ ਇਹ ਉਪਰਾਲਾ ਕੀਤਾ ਗਿਆ ਹੈ। ਉਹਨਾਂ ਭਾਂਡੇ/ਘੜਾ ਨਿਰਮਾਤਾਵਾਂ ਦੇ ਵਿਕਾਸ ਦੀ ਕਲਪਨਾ ਕਰਦੇ ਹੋਏ, ਉਹਨਾਂ ਨੂੰ ਵੱਖ-ਵੱਖ ਸਰਕਾਰੀ ਯੋਜਨਾਵਾਂ ਦਾ ਲਾਭ ਲੈਣ ਦੀ ਅਪੀਲ ਕੀਤੀ। ਇਸ ਮੌਕੇ ਹਾਜ਼ਰ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਸ. ਸੁਖਮਿੰਦਰ ਸਿੰਘ ਰੇਖੀ ਨੇ ਦੱਸਿਆ ਕਿ ਇਹਨਾਂ ਕਾਰੀਗਰਾਂ ਨੂੰ ਦਿੱਤੀ ਜਾਣ ਵਾਲੀ ਮਸ਼ੀਨਰੀ ਦਾ ਆਰਡਰ ਦਿੱਤਾ ਹੋਇਆ ਹੈ। ਜਲਦ ਹੀ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਇਹ ਮਸ਼ੀਨਰੀ ਲਾਭਪਾਤਰੀਆਂ ਨੂੰ ਵੰਡਣਗੇ। ਉਹਨਾਂ ਨੇ ਇਸ ਪ੍ਰੋਗਰਾਮ ਲਈ ਸ੍ਰ. ਸੂਰਤ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਕੇ ਵੀ ਆਈ ਸੀ, ਸਿਦਬੀ ਦੇ ਸ਼੍ਰੀ ਸਮਰ ਮੌਰਿਆ ਅਤੇ ਦੋਵੇਂ ਸਿਖ਼ਲਾਈਆਂ ਨੂੰ ਦੇਖ ਰਹੇ ਸ੍ਰ ਮਨਪ੍ਰੀਤ ਸਿੰਘ ਦਾ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ।