ਲੁਧਿਆਣਾ 20 ਅਪ੍ਰੈਲ : ਪੀਏਯੂ ਦੇ ਖੇਤੀ ਅਰਥ ਅਤੇ ਸਮਾਜ ਸ਼ਾਸਤਰ ਵਿਭਾਗ ਦੇ ਮੁਖੀ ਦੀ ਜ਼ਿੰਮੇਵਾਰੀ ਡਾ. ਜਤਿੰਦਰ ਮੋਹਨ ਸਿੰਘ ਨੂੰ ਸੌਂਪੀ ਗਈ ਹੈ | ਡਾ. ਸਿੰਘ ਜਨਵਰੀ 2020 ਤੋਂ ਖੇਤੀਬਾੜੀ-ਆਰਥਿਕ ਖੋਜ ਕੇਂਦਰ ਦੇ ਨਿਰਦੇਸ਼ਕ ਵਜੋਂ ਵੀ ਕਾਰਜ ਕਰ ਰਹੇ ਹਨ| ਉਨ੍ਹਾਂ ਦਾ ਖੋਜ ਖੇਤਰ ਖੇਤੀ ਪ੍ਰਬੰਧਨ ਅਤੇ ਮੰਡੀਕਰਨ ਨਾਲ ਸੰਬੰਧਿਤ ਹੈ| ਉਹਨਾਂ ਨੇ ਆਪਣਾ ਅਕਾਦਮਿਕ ਜੀਵਨ ਜ਼ਿਲ੍ਹਾ ਪਸਾਰ ਮਾਹਿਰ ਵਜੋਂ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਉਪ ਨਿਰਦੇਸ਼ਕ ਕ੍ਰਿਸੀ ਵਿਗਿਆਨ ਕੇਂਦਰ, ਫਤਿਹਗੜ੍ਹ ਸਾਹਿਬ ਵਜੋਂ ਪਦਉੱਨਤ ਹੋਏ | ਡਾ. ਸਿੰਘ ਨੇ ਖੋਜ ਕਾਰਜ ਵਿੱਚ ਵੱਖ-ਵੱਖ ਤੇਲ ਬੀਜ ਫਸਲਾਂ ਦੇ ਆਰਥਿਕ ਪੱਖ, ਬਾਗਬਾਨੀ ਉਤਪਾਦਾਂ ਦੀ ਸਪਲਾਈ ਚੇਨ, ਪ੍ਰਵਾਸ ਮਜ਼ਦੂਰੀ, ਟਿਕਾਊ ਖੇਤੀਬਾੜੀ ਲਈ ਸਰੋਤਾਂ ਦੀ ਵਰਤੋਂ ਦੀ ਯੋਜਨਾ ਅਤੇ ਖੇਤੀ ਦੇ ਸਹਾਇਕ ਕਿੱਤਿਆਂ ਸੰਬੰਧੀ ਕੀਤਾ | ਖੇਤੀ ਆਰਥਿਕਤਾ ਖੋਜ ਕੇਂਦਰ ਦੇ ਨਿਰਦੇਸ਼ਕ ਵਜੋਂ, ਉਹਨਾਂ ਨੇ 22 ਖੋਜ ਰਿਪੋਰਟਾਂ ਲਿਖੀਆਂ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ, ਭਾਰਤ ਸਰਕਾਰ ਅਤੇ ਹੋਰ ਇਮਦਾਦੀ ਏਜੰਸੀਆਂ ਨੂੰ ਸੌਂਪੀਆਂ ਹਨ|ਇਸ ਤੋਂ ਇਲਾਵਾ ਉਹਨਾਂ ਨੇ ਨਾਮਵਰ ਫੰਡਿੰਗ ਏਜੰਸੀਆਂ ਦੁਆਰਾ ਦਿੱਤੇ ਚਾਰ ਖੋਜ ਪ੍ਰੋਜੈਕਟਾਂ ਵਿੱਚੋਂ ਇੱਕ ਵਿੱਚ ਮੁੱਖ ਨਿਗਰਾਨ ਅਤੇ ਬਾਕੀਆਂ ਵਿੱਚ ਸਹਿ-ਨਿਗਰਾਨ ਵਜੋਂ ਕੰਮ ਕੀਤਾ ਹੈ| ਵੱਖ-ਵੱਖ ਨਾਮਵਰ ਰਸਾਲਿਆਂ ਵਿੱਚ ਉਹਨਾਂ ਦੇ ਲਗਭਗ 80 ਖੋਜ ਪੱਤਰ ਅਤੇ ਰਸਾਲਿਆਂ/ਅਖਬਾਰਾਂ ਵਿੱਚ 35 ਵਿਸਤ੍ਰਿਤ ਲੇਖ ਵੀ ਪ੍ਰਕਾਸ਼ਿਤ ਕਰਵਾਏ | ਪੀਏਯੂ ਦੁਆਰਾ ਆਯੋਜਿਤ ਲਗਭਗ 40 ‘ਖੋਜ ਅਤੇ ਪਸਾਰ ਮਾਹਿਰਾਂ ਦੀਆਂ ਵਰਕਸਾਪਾਂ’ ਵਿੱਚ ਉਹਨਾਂ ਨੇ ਪੇਸਕਾਰੀਆਂ ਦਿੱਤੀਆਂ | ਇਸ ਤੋਂ ਇਲਾਵਾ ਬਹੁਤ ਸਾਰੇ ਰੇਡੀਓ/ਟੀਵੀ ਭਾਸਣ ਦਿੱਤੇ | ਵਰਤਮਾਨ ਵਿੱਚ ਉਹ ਇੱਕ ਪੀਐਚ.ਡੀ. ਅਤੇ ਦੋ ਐਮ.ਐਸ.ਸੀ. ਵਿਦਿਆਰਥੀਆਂ ਦੇ ਨਾਲ-ਨਾਲ 15 ਪੋਸਟ ਗ੍ਰੈਜੂਏਟ ਵਿਦਿਆਰਥੀਆਂ ਦੇ ਨਿਗਰਾਨ ਹਨ | ਡਾ. ਸਿੰਘ ਨੇ ਦੇਸ ਵਿਚ ਹੋਈਆਂ ਵੱਖ-ਵੱਖ ਕਾਨਫਰੰਸਾਂ ਵਿਚ ਪੇਪਰ ਵੀ ਪੇਸ ਕੀਤੇ ਅਤੇ ਬਹੁਤ ਸਾਰੀਆਂ ਪੇਸੇਵਰ ਸੁਸਾਇਟੀਆਂ ਨਾਲ ਲਗਾਤਾਰ ਜੁੜੇ ਰਹੇ |