ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਬੈਂਕ ਆਪਣੇ ਫਰਜ਼ਾਂ ਦੀ ਪੂਰਤੀ ਇਮਾਨਦਾਰੀ ਨਾਲ ਕਰਨ : ਧਾਲੀਵਾਲ

  • ਕੇਂਦਰੀ ਸਪਾਂਸ਼ਰ ਸਕੀਮਾਂ ਹੇਠਲੇ ਪੱਧਰ ਤੱਕ ਪਹੁੰਚਾਉਣ ਦੇ ਦਿੱਤੇ ਆਦੇਸ਼
  • ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਰਿੰਦਰ ਸਿੰਘ ਧਾਲੀਵਾਲ ਨੇ ਬੱਚਤ ਭਵਨ ਵਿਖੇ ਬੈਂਕਾਂ ਦੀ ਤਾਲਮੇਲ ਕਮੇਟੀ ਦੀ ਕੀਤੀ ਮੀਟਿੰਗ

ਫ਼ਤਹਿਗੜ੍ਹ ਸਾਹਿਬ, 13 ਜੂਨ : ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਮੰਤਵ ਨਾਲ ਚਲਾਈਆਂ ਜਾ ਰਹੀਆਂ ਸਕੀਮਾਂ ਨੁੰ ਇੰਨ ਬਿੰਨ ਰੂਪ ਵਿੱਚ ਲਾਗੂ ਕਰਨ ਲਈ ਸਮੂਹ ਬੈਂਕ ਇਮਾਨਦਾਰੀ ਨਾਲ ਆਪਣੇ ਫਰਜ਼ਾਂ ਦੀ ਪੂਰਤੀ ਕਰਨ ਤਾਂ ਜੋ ਸੂਬੇ ਦੇ ਕਿਸਾਨ ਆਰਥਿਕ ਤੌਰ ਤੇ ਮਜਬੂਤ ਹੋ ਸਕਣ। ਇਹ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਸੁਰਿੰਦਰ ਸਿੰਘ ਧਾਲੀਵਾਲ ਨੇ ਬੱਚਤ ਭਵਨ ਵਿਖੇ ਜ਼ਿਲ੍ਹੇ ਦੇ ਸਮੂਹ ਬੈਂਕਾਂ ਦੀ ਜ਼ਿਲ੍ਹਾ ਪੱਧਰੀ ਤਾਲਮੇਲ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਾਡਾ ਸੂਬਾ ਇੱਕ ਖੇਤੀ ਪ੍ਰਧਾਨ ਸੂਬਾ ਹੈ ਅਤੇ ਇਸ ਦੀ ਖੁਸ਼ਹਾਲੀ ਵਿੱਚ ਕਿਸਾਨੀ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਕਿਸਾਨਾਂ ਨੂੰ ਆਰਥਿਕ ਪੱਧਰ ਤੇ ਖੁਸ਼ਹਾਲ ਕਰਨ ਲਈ ਆਪਣੇ ਫਰਜ਼ ਪੂਰੀ ਇਮਾਨਦਾਰੀ ਨਾਲ ਅਦਾ ਕਰੀਏ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਸਮੂਹ ਕਾਰਜ ਸਾਧਕ ਅਫਸਰਾਂ ਨੂੰ ਕਿਹਾ ਕਿ ਸਰਕਾਰ ਵੱਲੋਂ ਸਟਰੀਟ ਵੈਂਡਰਾਂ ਨੂੰ ਆਪਣਾ ਕਾਰੋਬਾਰ ਕਰਕੇ ਆਪਣੇ ਪਰਿਵਾਰ ਦਾ ਆਰਥਿਕ ਪੱਧਰ ਉਚਾ ਚੁੱਕਣ ਲਈ ਚਲਾਈ ਜਾ ਰਹੀ ਸਕੀਮ ਅਧੀਨ ਵੱਧ ਤੋਂ ਵੱਧ ਲੋਕਾਂ ਦੇ ਫਾਰਮ ਭਰਵਾ ਕੇ ਭੇਜੇ ਜਾਣ ਤਾਂ ਜੋ ਸਟਰੀਟ ਵੈਂਡਰ ਇਨ੍ਹਾਂ ਸਕੀਮਾਂ ਦਾ ਲਾਭ ਲੈ ਸਕਣ। ਉਨ੍ਹਾਂ ਬੈਂਕ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਜ਼ਿਲ੍ਹੇ ਦੀ ਸਲਾਨਾ ਕਰਜਾ ਯੋਜਨਾ ਤਹਿਤ ਤੈਅ ਕੀਤੇ ਗਏ ਟੀਚਿਆਂ ਦੀ 100 ਫੀਸਦੀ ਪ੍ਰਾਪਤੀ ਕਰਨ ਨੂੰ ਯਕੀਨੀ ਬਣਾਇਆ ਜਾਵੇ। ਧਾਲੀਵਾਲ ਨੇ ਬੈਂਕ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਕੇਂਦਰੀ ਸਪਾਂਸਰ ਸਕੀਮਾਂ ਦਾ ਹੇਠਲੇ ਪੱਧਰ ਤੱਕ ਲਾਭ ਪਹੁੰਚਾਉਣ ਲਈ ਸਰਕਾਰੀ ਸਕੀਮਾਂ ਦਾ ਹੇਠਲੇ ਪੱਧਰ ਤੱਕ ਲਾਭ ਪਹੁੰਚਾਉਣ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਆਮ ਲੋਕਾਂ ਦੀ ਭਲਾਈ ਲਈ ਚਲਾਈਆਂ ਗਈਆਂ ਸਕੀਮਾਂ ਆਪਣੇ ਮਨੋਰਥ ਵਿੱਚ ਸਫਲ ਹੋ ਸਕਣ। ਉਨ੍ਹਾਂ ਬੈਂਕ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਪੀ.ਐਮ.ਜੀਵਨ ਜੋਤੀ ਬੀਮਾ ਯੋਜਨਾ ਅਤੇ ਪੀ.ਐਮ. ਸਿਹਤ ਬੀਮਾ ਯੋਜਨਾ ਤਹਿਤ ਵੱਧ ਤੋਂ ਵੱਧ ਨਾਗਰਿਕਾਂ ਦਾ ਬੀਮਾ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਲਾਭਪਾਤਰੀ ਇਨ੍ਹਾਂ ਸਕੀਮਾਂ ਤੋਂ ਲਾਭ ਲੈ ਸਕਣ। ਉਨ੍ਹਾਂ ਜਨ-ਧਨ ਯੋਜਨਾ ਸਕੀਮ ਤਹਿਤ ਵੀ ਵੱਧ ਤੋਂ ਵੱਧ ਲੋਕਾਂ ਨੂੰ ਕਵਰ ਕਰਨ ਲਈ ਕਿਹਾ। ਮੀਟਿੰਗ ਵਿੱਚ ਐਸ.ਪੀ. (ਹੈਡ ਕੁਆਰਟਰ) ਸ਼੍ਰੀ ਰਮਿੰਦਰ ਸਿੰਘ, ਆਰ.ਬੀ.ਆਈ. ਦੇ ਏ.ਜੀ.ਐਮ. ਅਨੀਸ਼ ਸ਼ਰਮਾ, ਨਾਬਾਰਡ ਦੇ ਡੀ.ਐਮ. ਸੰਜੀਵ ਕੁਮਾਰ, ਜ਼ਿਲ੍ਹਾ ਲੀਡ ਬੈਂਕ ਮੈਨੇਜਰ ਮੁਕੇਸ਼ ਸੈਣੀ, ਕਾਰਜ ਸਾਧਕ ਅਫਸਰ ਸਰਹਿੰਦ ਸ਼੍ਰੀ ਗੁਰਬਖਸ਼ੀਸ ਸਿੰਘ, ਕਾਰਜ ਸਾਧਕ ਅਫਸਰ ਅਮਲੋਹ ਬਰਜਿੰਦਰ ਸਿੰਘ, ਕਾਰਜ ਸਾਧਕ ਅਫਸਰ ਬਸੀ ਪਠਾਣਾ ਮਨਜੀਤ ਸਿੰਘ, ਐਸ.ਸੀ. ਕਾਰਪੋਰੇਸ਼ਨ ਦੀ ਜ਼ਿਲ੍ਹਾ ਮੈਨੈਜਰ ਮਨਜੀਤ ਕੌਰ ਤੋਂ ਇਲਾਵਾ ਸਮੂਹ ਬੈਂਕਾਂ ਦੇ ਬ੍ਰਾਂਚ ਮੈਨੇਜਰ ਤੇ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।