- ਕਾਬੂ ਕੀਤੇ ਗਏ 03 ਕਥਿਤ ਦੋਸ਼ੀਆਂ ਪਾਸੋਂ ਖੋਹ ਕੀਤੇ ਗਏ 31 ਮੋਬਾਇਲ ਕੀਤੇ ਬਰਾਮਦ
ਫ਼ਤਹਿਗੜ੍ਹ ਸਾਹਿਬ, 01 ਸਤੰਬਰ : ਜ਼ਿਲ੍ਹਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਵਿਅਕਤੀਆਂ ਖਿਲਾਫ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਨੇ ਮੋਬਾਇਲ ਅਤੇ ਚੈਨਾਂ ਖੋਹ ਕਰਨ ਵਾਲੇ ਗਿਰੋਹ ਨੂੰ ਕਾਬੂ ਕੀਤਾ। ਪੁਲਿਸ ਵੱਲੋਂ ਕਾਬੂ ਕੀਤੇ ਗਏ 03 ਕਥਿਤ ਦੋਸ਼ੀਆਂ ਪਾਸੋਂ ਅਮਲੋਹ, ਗੋਬਿੰਦਗੜ੍ਹ, ਖੰਨਾ, ਦੋਰਾਹਾ ਅਤੇ ਸਮਰਾਲਾ ਤੋਂ ਖੋਹੇ ਗਏ 31 ਮੋਬਾਇਲ ਅਤੇ ਵਾਰਦਾਤ ਵਿੱਚ ਵਰਤਿਆ ਗਿਆ ਮੋਟਰ ਸਾਇਕਲ ਬਰਾਮਦ ਕੀਤਾ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਡੀ.ਜੀਪੀ. ਪੰਜਾਬ ਸ਼੍ਰੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਐਸ.ਪੀ. (ਇੰਨਵੈਸਟੀਗੇਸ਼ਨ) ਸ਼੍ਰੀ ਰਾਕੇਸ਼ ਯਾਦਵ ਅਤੇ ਡੀ.ਐਸ.ਪੀ. ਪੀ.ਬੀ.ਆਈ. (ਐਨ.ਡੀ.ਪੀ.ਐਸ.) ਸ਼੍ਰੀ ਗੁਰਬੰਸ ਸਿੰਘ ਬੈਂਸ ਤੇ ਅਧਾਰਤ ਟੀਮ ਦਾ ਗਠਨ ਕੀਤਾ ਗਿਆ ਸੀ ਅਤੇ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਸੀ.ਆਈ.ਏ. ਸਟਾਫ ਸਰਹਿੰਦ ਦੇ ਇੰਚਾਰਜ ਇੰਸਪੈਕਟਰ ਅਮਰਬੀਰ ਸਿੰਘ ਦੀ ਨਿਗਰਾਨੀ ਹੇਠ ਪੁਲਿਸ ਟੀਮ ਨੇ ਇਸ ਗਿਰੋਹ ਨੂੰ ਕਾਬੂ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ 31 ਜੁਲਾਈ ਨੂੰ ਸਰਹਿੰਦ ਵਾਸੀ ਸਿਮਰਵੀਰ ਸਿੰਘ ਨੇ ਥਾਣਾ ਗੋਬਿੰਦਗੜ੍ਹ ਵਿਖੇ ਦਰਖਾਸਤ ਦਿੱਤੀ ਸੀ ਕਿ ਉਸ ਤੋਂ 2 ਮੋਟਰ ਸਾਇਕਲ ਸਵਾਰ ਲੜਕੇ ਝਪਟ ਮਾਰ ਕੇ ਉਸ ਦਾ ਫੋਨ ਖੋਹ ਕੇ ਲੈ ਗਏ ਹਨ। ਜਿਨ੍ਹਾਂ ਦੀ ਕਾਫੀ ਭਾਲ ਕਰਨ ਤੋਂ ਬਾਅਦ ਥਾਣਾ ਗੋਬਿੰਦਗੜ੍ਹ ਪੁਲਿਸ ਵੱਲੋਂ ਆਈ.ਪੀ.ਸੀ. ਦੀ ਧਾਰਾ 379 ਅਧੀਨ ਮਿਤੀ 25-08-2023 ਨੂੰ ਮੁਕੱਦਮਾ ਨੰ: 175 ਦਰਜ਼ ਕੀਤਾ ਗਿਆ। ਇਹ ਮੁਕੱਦਮਾ ਅਗਲੀ ਤਫਤੀਸ਼ ਲਈ ਸੀ.ਆਈ.ਏ. ਸਰਹਿੰਦ ਨੂੰ ਭੇਜਿਆ ਗਿਆ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਮੋਬਾਇਲ ਖੋਹ ਕਰਨ ਵਾਲੇ ਰਿੰਕੂ ਸਿੰਘ ਉਰਫ ਵਿਸ਼ਾਲ ਵਾਸੀ ਪਿੰਡ ਬੀੜ ਕੁੰਭੜਾ, ਥਾਣਾ ਗੋਬਿੰਦਗੜ੍ਹ ਅਤੇ ਅਸ਼ੋਕ ਕੁਮਾਰ ਉਰਫ ਯੂਵੀ ਵਾਸੀ ਪਿੰਡ ਢਿੱਲਵਾਂ, ਥਾਣਾ ਸਮਰਾਲਾ ਜ਼ਿਲ੍ਹਾ ਲੁਧਿਆਣਾ ਨੂੰ ਟਰੇਸ ਕਰਕੇ 27 ਅਗਸਤ ਨੂੰ ਖੋਹ ਕੀਤੇ ਗਏ 10 ਟੱਚ ਮੋਬਾਇਲ ਫੋਨਾਂ ਸਮੇਤ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਢਲੀ ਪੁੱਛਗਿੱਛ ਦੌਰਾਨ ਗ੍ਰਿਫਤਾਰ ਕੀਤੇ ਗਏ ਕਥਿਤ ਦੋਸ਼ੀਆਂ ਨੇ ਦੱਸਿਆ ਕਿ ਇਨ੍ਹਾਂ ਨਾਲ ਇੱਕ ਲੜਕਾ ਗੁਰਸੇਵਕ ਸਿੰਘ ਵਾਸੀ ਪਿੰਡ ਪੂਰਬਾ ਥਾਣਾ ਸਮਰਾਲਾ ਜ਼ਿਲ੍ਹਾ ਲੁਧਿਆਣਾ ਵੀ ਵਾਰਦਾਤਾਂ ਵਿੱਚ ਸ਼ਾਮਲ ਹੁੰਦਾ ਹੈ , ਜਿਸ ਨੂੰ 28 ਅਗਸਤ ਨੂੰ ਖੋਹ ਕੀਤੇ ਗਏ 04 ਟੱਚ ਮੋਬਾਇਲ ਫੋਨਾਂ ਸਮੇਤ ਅਤੇ ਵਾਰਦਾਤਾਂ ਵਿੱਚ ਇਸਤੇਮਾਲ ਕੀਤਾ ਗਿਆ ਸਪਲੈਂਡਰ ਮੋਟਰ ਸਾਇਕਲ ਨੰ: ਪੀ.ਬੀ.10 ਜੀ.ਆਰ.-0884 ਸਮੇਤ ਗ੍ਰਿਫਤਾਰ ਕੀਤਾ ਗਿਆ। ਡਾ: ਰਵਜੋਤ ਗਰੇਵਾਲ ਨੇ ਦੱਸਿਆ ਕਿ ਪੁਲਿਸ ਰਿਮਾਂਡ ਦੌਰਾਨ ਹੁਣ ਤੱਕ ਕਥਿਤ ਦੋਸ਼ੀਆਂ ਪਾਸੋਂ ਕੁੱਲ 31 ਮੋਬਾਇਲ ਫੋਨ ਬਰਾਮਦ ਕੀਤ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਦੱਸਿਆ ਹੈ ਕਿ ਉਹ ਅਮਲੋਹ, ਗੋਬਿੰਦਗੜ੍ਹ, ਖੰਨਾ, ਦੋਰਾਹਾ ਅਤੇ ਸਮਰਾਲਾ ਏਰੀਆ ਵਿੱਚ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਤੋ ਮੋਬਾਇਲ ਖੋਹ ਕਰਦੇ ਸਨ। ਕਥਿਤ ਦੋਸ਼ੀਆਂ ਨੇ ਇਹ ਵੀ ਮੰਨਿਆਂ ਕਿ ਉਹ ਖੋਹ ਕੀਤੇ ਗਏ ਮੋਬਾਇਲ ਫੋਨ ਦਾ ਸਿੰਮ ਤੋੜ ਕੇ ਸੁੱਟ ਦਿੰਦੇ ਸਨ ਅਤੇ ਬਾਅਦ ਵਿੱਚ ਉਹ ਮੋਬਾਇਲ ਭੋਲੇ-ਭਾਲੇ ਲੋਕਾਂ ਨੂੰ ਸਸਤੇ ਭਾਅ ਵੇਚ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਮੋਬਾਇਲ ਸਿੰਮ ਖੁਰਦ-ਬੁਰਦ ਕਰਨ ਤੇ ਮੁਕੱਦਮੇ ਵਿੱਚ ਧਾਰਾ 201 ਪੀ.ਸੀ. ਦਾ ਵਾਧਾ ਵੀ ਕੀਤਾ ਗਿਆ ਹੈ। ਤਿੰਨੋਂ ਕਥਿਤ ਦੋਸ਼ੀ ਪੁਲਿਸ ਰਿਮਾਂਡ ਅਧੀਨ ਹਨ ਜਿਨ੍ਹਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾਂ ਹੈ।