- ਜ਼ਿਲ੍ਹੇ ਚ ਡਾਇਰੀਆ ਦੀ ਰੋਕਥਾਮ ਲਈ 54 ਆਰ ਆਰ ਟੀਮਾਂ ਸਰਗਰਮ
- ਡਿਪਟੀ ਕਮਿਸ਼ਨਰ ਵੱਲੋਂ ਸਿਹਤ ਸੰਭਾਲ ਦੇ ਮੁੱਦੇ 'ਤੇ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ
- ਪਾਣੀ ਦੇ ਵੱਧ ਤੋਂ ਵੱਧ ਸੈਂਪਲ ਲੈ ਕੇ ਜਾਂਚ ਕਰਨ ਦੇ ਨਿਰਦੇਸ਼, ਦੂਸ਼ਿਤ ਪਾਣੀ ਵਾਲੇ ਸਾਧਨਾਂ ਨੂੰ ਸੀਲ ਕਰਨ ਦੀ ਹਦਾਇਤ
- ਕਿਹਾ, ਲੋਕਾਂ ਨੂੰ ਹਰ ਹਾਲ ਮੁਹੱਈਆ ਕਰਵਾਇਆ ਜਾਵੇ ਪੀਣ ਵਾਲਾ ਸਾਫ ਪਾਣੀ
- ਡੇਂਗੂ ਤੋਂ ਬਚਾਅ ਹਿਤ ਫੌਗਿੰਗ ਤੇ ਸਪਰੇਅ ਕਰਨ ਲਈ ਆਖਿਆ
- ਲੋਕਾਂ ਨੂੰ ਬਿਮਾਰੀਆਂ ਤੋਂ ਬਚਾਅ ਸਬੰਧੀ ਵੱਧ ਤੋਂ ਵੱਧ ਕੀਤਾ ਜਾਵੇਗਾ ਜਾਗਰੂਕ
- ਹੜ੍ਹ ਆਉਣ ਤੋਂ ਲੈ ਕੇ ਹੁਣ ਤੱਕ 358 ਸਰਕਾਰੀ ਤੇ 11 ਪ੍ਰਾਈਵੇਟ ਮੈਡੀਕਲ ਕੈਂਪ ਲਾਏ
- 10 ਹਜ਼ਾਰ ਤੋਂ ਵੱਧ ਲੋਕਾਂ ਦੀ ਮੈਡੀਕਲ ਜਾਂਚ ਕੀਤੀ
- 01 ਜੁਲਾਈ ਤੋਂ 24 ਜੁਲਾਈ ਤੱਕ ਡੇਂਗੂ ਤੋਂ ਬਚਾਅ ਸਬੰਧੀ ਜ਼ਿਲ੍ਹੇ ਦੇ 27,618 ਘਰਾਂ ਦਾ ਸਰਵੇਖਣ
ਐਸ.ਏ.ਐਸ. ਨਗਰ, 25 ਜੁਲਾਈ : ਹੜ੍ਹਾਂ ਦੀ ਮਾਰ ਤੋਂ ਬਾਅਦ ਜ਼ਿਲ੍ਹੇ ਵਿੱਚ ਸਾਹਮਣੇ ਆ ਰਹੇ ਡਾਇਰੀਆ, ਹੈਜ਼ੇ ਤੇ ਡੇਂਗੂ ਦੇ ਕੇਸਾਂ 'ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਤੇ ਇਨ੍ਹਾਂ ਨੂੰ ਪੂਰੀ ਤਰ੍ਹਾਂ ਕਾਬੂ ਕਰਨ ਲਈ ਨਿੱਠ ਕੇ ਕੰਮ ਕੀਤਾ ਜਾ ਰਿਹਾ ਹੈ। ਜ਼ਿਲ੍ਹੇ ਵਿੱਚ ਡਾਇਰੀਆ ਦੀ ਰੋਕਥਾਮ ਲਈ 54 ਆਰ ਆਰ ਟੀਮਾਂ ਸਰਗਰਮ ਹਨ। ਇਹ ਗੱਲ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਾਇਰੀਆ, ਹੈਜ਼ਾ ਤੇ ਡੇਂਗੂ ਤੋਂ ਬਚਾਅ ਸਬੰਧੀ ਸੱਦੀ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਆਖੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੈਜ਼ੇ ਦੇ 31 ਕੇਸ ਰਿਪੋਰਟ ਹੋਏ ਹਨ, ਜਿਨ੍ਹਾਂ ਵਿੱਚੋਂ 11 ਮਰੀਜ਼ ਦਾਖਲ ਹਨ। ਇਸ ਦੇ ਨਾਲ ਨਾਲ ਇਸ ਵੇਲੇ ਡਾਇਰੀਆ ਦੇ 70 ਮਰੀਜ਼ ਦਾਖਲ ਹਨ। ਜ਼ਿਲ੍ਹੇ ਵਿੱਚ ਹੜ੍ਹ ਆਉਣ ਤੋਂ ਲੈ ਕੇ ਹੁਣ ਤੱਕ 358 ਸਰਕਾਰੀ ਤੇ 11 ਪ੍ਰਾਈਵੇਟ ਮੈਡੀਕਲ ਕੈਂਪ ਵੱਖੋ-ਵੱਖ ਥਾਂ ਲਾਏ ਗਏ, ਜਿਨ੍ਹਾਂ ਵਿੱਚ 10 ਹਜ਼ਾਰ ਤੋਂ ਵੱਧ ਲੋਕਾਂ ਦੀ ਮੈਡੀਕਲ ਜਾਂਚ ਕੀਤੀ ਗਈ। ਇਸ ਦੇ ਨਾਲ ਨਾਲ ਸਿਹਤ ਵਿਭਾਗ ਵੱਲੋਂ ਪਾਣੀ ਦੇ 382 ਸੈਂਪਲ ਲਏ ਗਏ ਹਨ ਤੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਲਗਾਤਾਰ ਸੈਂਪਲ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਜ਼ਿਲ੍ਹੇ ਵਿੱਚ ਡੇਂਗੂ ਦੇ ਜਨਵਰੀ ਤੋਂ ਹੁਣ ਤੱਕ 19 ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਚੋਂ ਪੇਂਡੂ ਖੇਤਰਾਂ ਬਡਮਾਜਰਾ, ਚਤੌਲੀ, ਸਮਗੌਲੀ, ਖੇੜੀ ਗੁੱਜਰਾਂ, ਜਵਾਹਰਪੁਰ ਅਤੇ ਹੈਬਤਪੁਰ ਵਿੱਚ ਕੁੱਲ 06 ਕੇਸ ਡੇਂਗੂ ਦੇ ਸਾਹਮਣੇ ਆਏ ਹਨ। ਜਦਕਿ ਸ਼ਹਿਰੀ ਖੇਤਰਾਂ ਮੋਹਾਲੀ ਵਿੱਚ 01, ਖਰੜ ਵਿੱਚ 09, ਡੇਰਾਬਸੀ ਵਿਚ 06 ਅਤੇ ਜ਼ੀਰਕਪੁਰ 03 ਕੇਸ ਸਾਹਮਣੇ ਆਏ ਹਨ। ਡੇਂਗੂ ਤੋਂ ਬਚਾਅ ਲਈ ਪੀਕ ਆਉਣ ਤੋਂ ਪਹਿਲਾਂ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਢੁੱਕਵੇਂ ਕਦਮ ਚੁੱਕੇ ਜਾ ਰਹੇ ਹਨ। 01 ਜੁਲਾਈ ਤੋਂ 24 ਜੁਲਾਈ ਤੱਕ ਡੇਂਗੂ ਤੋਂ ਬਚਾਅ ਸਬੰਧੀ ਜ਼ਿਲ੍ਹੇ ਦੇ 27,618 ਘਰਾਂ ਦਾ ਸਰਵੇਖਣ ਕੀਤਾ ਗਿਆ, ਜਿਨ੍ਹਾਂ ਵਿੱਚੋਂ ਡੇਂਗੂ ਬਰੀਡਿੰਗ ਦੇ 698 ਕੇਸ ਸਾਹਮਣੇ ਆਏ। ਇਸੇ ਤਰ੍ਹਾਂ 79,170 ਕਨਟੇਨਰਾਂ ਦੇ ਕੀਤੇ ਸਰਵੇਖਣ ਵਿੱਚੋਂ 969 ਵਿੱਚ ਡੇਂਗੂ ਬਰੀਡਿੰਗ ਦੇ ਕੇਸ ਸਾਹਮਣੇ ਆਏ। ਇਸ ਬਾਬਤ 170 ਚਲਾਨ ਵੀ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਵੱਲੋਂ ਚੈਕਿੰਗ ਤੇਜ਼ ਕਰਨ ਤੇ ਵੱਧ ਤੋਂ ਵੱਧ ਚਲਾਨ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਾਇਰੀਆ ਤੇ ਹੈਜ਼ੇ ਦੇ ਕੇਸ ਕਾਬੂ ਹੇਠ ਤਾਂ ਹਨ ਪਰ ਸਾਫ਼ ਪਾਣੀ ਪ੍ਰਤੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰ ਦੀ ਲੋੜ ਹੈ। ਉਨ੍ਹਾਂ ਕਿਹਾ ਸਿਹਤ ਬਲਾਕ ਘੜੂੰਆਂ ਦੇ ਬਡਮਾਜਰਾ ਤੇ ਬਲੌਂਗੀ ਤੋਂ ਕਾਫੀ ਕੇਸ ਆਏ ਪਰ ਹੁਣ ਸਥਿਤੀ ਕਾਬੂ ਹੇਠ ਹੈ। ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਡੋਰ ਟੂ ਡੋਰ ਸਰਵੇਖਣ ਹੋਰ ਤੇਜ਼ ਕੀਤਾ ਜਾਵੇ। ਜਦੋਂ ਤੱਕ ਇਹ ਯਕੀਨੀ ਨਹੀਂ ਹੋ ਜਾਂਦਾ ਕਿ ਜਿਹੜੇ ਜਲ ਸਰੋਤ ਤੋਂ ਪ੍ਰਭਾਵਿਤ ਲੋਕ ਪਾਣੀ ਪੀ ਰਹੇ ਹਨ, ਉਹ ਪੂਰੀ ਤਰ੍ਹਾਂ ਸੁਰੱਖਿਅਤ ਹੈ, ਓਦੋਂ ਤੱਕ ਪੀਣ ਵਾਲੇ ਪਾਣੀ ਦਾ ਬਦਲਵਾਂ ਪ੍ਰਬੰਧ ਯਕੀਨੀ ਬਣਾਇਆ ਜਾਵੇ। ਪ੍ਰਾਈਵੇਟ ਮੋਟਰਾਂ/ ਪੰਪਾਂ ਰਾਹੀਂ ਕਢੇ ਜਾਂਦੇ ਪਾਣੀ ਦੀ ਜਾਂਚ ਵੀ ਯਕੀਨੀ ਬਣਾਈ ਜਾਵੇ। ਸ਼੍ਰੀਮਤੀ ਜੈਨ ਨੇ ਦੱਸਿਆ ਕਿ ਡੇਰਾਬੱਸੀ ਤੇ ਕੁਰਾਲੀ ਖੇਤਰ ਵਿਚ ਕੇਸ ਲਗਾਤਾਰ ਘਟ ਰਹੇ ਹਨ। ਬਨੂੜ ਖੇਤਰ ਵਿਚ ਵੀ ਜਿਹੜੇ ਕੇਸ ਆਏ ਹਨ, ਉਹਨਾਂ ਦਾ ਸਰੋਤ ਵੀ ਪਤਾ ਕੀਤਾ ਜਾਵੇ। ਸਾਰੇ ਪ੍ਰਭਾਵਿਤ ਖੇਤਰਾਂ ਦੀ ਵਾਟਰ ਸਪਲਾਈ ਚੈਕ ਕਰਵਾਈ ਜਾਵੇ। ਸਾਰੇ ਸਬੰਧਤ ਵਿਭਾਗਾਂ ਵਲੋਂ ਕੀਤੀ ਜਾ ਰਹੀ ਕਾਰਵਾਈ ਬਾਬਤ ਸਾਂਝੀਆਂ ਰਿਪੋਰਟਾਂ ਦਿੱਤੀਆਂ ਜਾਣ। ਜਿਹੜੇ ਵੀ ਸਾਧਨ ਤੋਂ ਪਾਣੀ ਦੂਸ਼ਿਤ ਆਉਣ ਦੀ ਰਿਪੋਰਟ ਆਉਂਦੀ ਹੈ, ਉਸ ਨੂੰ ਡੀ ਸੀ ਵਲੋਂ ਤੁਰੰਤ ਸੀਲ ਕਰਨ ਦੀ ਹਦਾਇਤ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡੇਂਗੂ ਤੋਂ ਬਚਾਅ ਲਈ 27 ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ। ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਹੜਾਂ ਕਾਰਨ ਡੇਂਗੂ ਦੇ ਕੇਸ ਵੱਧ ਰਹੇ ਹਨ ਤੇ ਡੇਂਗੂ ਬਰੀਡਿੰਗ ਦੇ ਬਹੁਤ ਕੇਸ ਸਾਹਮਣੇ ਆ ਰਹੇ ਹਨ। ਡਿਪਟੀ ਕਮਿਸ਼ਨਰ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲਾਰਵਾ ਰੋਕਣ ਲਈ ਸਪਰੇਅ ਲਗਾਤਾਰ ਕੀਤੀ ਜਾਵੇ ਤੇ ਨਾਲ ਹੀ ਫੌਗਿੰਗ ਯਕੀਨੀ ਬਣਾਈ ਜਾਵੇ। ਉਹਨਾਂ ਕਿਹਾ ਕਿ ਡੇਂਗੂ ਦੀ ਪੀਕ/ ਸਿਖਰ ਜਿਹੜੀ ਕਿ ਅਗਸਤ ਤੋਂ ਬਾਅਦ ਨਵੰਬਰ ਤੱਕ ਆਉਣ ਦੀ ਸੰਭਾਵਨਾ ਹੁੰਦੀ ਹੈ, ਨੂੰ ਰੋਕਣ ਲਈ ਹੁਣੇ ਤੋਂ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇ। ਇਸ ਸਬੰਧੀ ਦਵਾਈਆਂ, ਮਸ਼ੀਨਾਂ ਸਮੇਤ ਜਿਹੜੀ ਵੀ ਲੋੜ ਹੈ, ਉਹ ਧਿਆਨ ਵਿਚ ਲਿਆਂਦੀ ਜਾਵੇ, ਉਸ ਲੋੜ ਨੂੰ ਹਰ ਹਾਲ ਪਹਿਲ ਦੇ ਅਧਾਰ ਉੱਤੇ ਪੂਰਾ ਕੀਤਾ ਜਾਵੇਗਾ। ਸ਼੍ਰੀਮਤੀ ਜੈਨ ਨੇ ਆਖਿਆ ਕਿ ਡੇਂਗੂ ਦੀ ਰੋਕਥਾਮ ਸਬੰਧੀ ਚਲਾਨ ਤੋਂ ਪਹਿਲਾਂ ਚੇਤਾਵਨੀ ਕਾਰਡ ਜਾਰੀ ਕੀਤਾ ਜਾ ਸਕਦਾ ਹੈ ਬਾਸ਼ਰਤੇ ਉਸ ਸਬੰਧੀ ਢੁੱਕਵਾਂ ਰਿਕਾਰਡ ਰੱਖਿਆ ਜਾਵੇ ਤੇ ਦੂਜੀ ਵਾਰ ਚੈਕਿੰਗ ਉੱਤੇ ਜੇਕਰ ਗਲਤੀ ਸਾਹਮਣੇ ਆਉਂਦੀ ਹੈ ਤਾਂ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਵੇ। ਇਸ ਮੌਕੇ ਕਮਿਸ਼ਨਰ ਨਗਰ ਨਿਗਮ ਮੋਹਾਲੀ ਸ਼੍ਰੀਮਤੀ ਨਵਜੋਤ ਕੌਰ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ. ਦਮਨਜੀਤ ਸਿੰਘ ਮਾਨ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਅਮਿਤ ਬੈਂਬੀ, ਸੰਯੁਕਤ ਸਕੱਤਰ ਨਗਰ ਨਿਗਮ ਸ਼੍ਰੀਮਤੀ ਕਿਰਨ ਸ਼ਰਮਾ, ਸਿਵਲ ਸਰਜਨ ਡਾ. ਮਹੇਸ਼ ਕੁਮਾਰ ਅਹੂਜਾ, ਐੱਸ.ਡੀ.ਐਮ. ਮੋਹਾਲੀ ਸ਼੍ਰੀਮਤੀ ਸਰਬਜੀਤ ਕੌਰ, ਐੱਸ.ਡੀ.ਐਮ. ਡੇਰਾਬੱਸੀ ਸ਼੍ਰੀ ਹਿਮਾਂਸ਼ੂ ਗੁਪਤਾ, ਐੱਸ.ਡੀ.ਐਮ. ਖਰੜ ਸ. ਰਵਿੰਦਰ ਸਿੰਘ ਸਮੇਤ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।