ਫਾਜਿ਼ਲਕਾ, 20 ਅਪ੍ਰੈਲ : ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਅਤੇ ਮਾਰਕਫੈਡ ਦੇ ਏਐਮਡੀ ਸ੍ਰੀ ਰਾਹੁਲ ਗੁਪਤਾ ਆਈਏਐਸ ਅੱਜ ਬਾਅਦ ਦੁਪਹਿਰ ਮੌਸਮ ਖਰਾਬ ਹੋਣ ਤੇ ਤੁਰੰਤ ਫਾਜਿ਼ਲਕਾ ਦੀ ਦਾਣਾ ਮੰਡੀ ਵਿਚ ਪਹੁੰਚ ਗਏ ਅਤੇ ਮੌਕੇ ਤੇ ਹੀ ਆੜਤੀਆਂ ਦੇ ਮਾਰਫਤ ਮੰਡੀ ਵਿਚ ਪਈ ਕਣਕ ਨੂੰ ਢਕਵਾਇਆ।ਜਿਕਰਯੋਗ ਹੈ ਕਿ ਮਾਰਕਫੈਡ ਦੇ ਏਐਮਡੀ ਸ੍ਰੀ ਰਾਹੁਲ ਗੁਪਤਾ ਕਣਕ ਦੇ ਖਰੀਦ ਪ੍ਰਬੰਧਾਂ ਹਿੱਤ ਅਤੇ ਮਾਰਕਫੈਡ ਵੱਲੋਂ ਕੀਤੀ ਜਾ ਰਹੀ ਕਣਕ ਦੀ ਖਰੀਦ ਸਬੰਧੀ ਜਿ਼ਲ੍ਹੇ ਦੇ ਦੌਰੇ ਤੇ ਆਏ ਹੋਏ ਸਨ। ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਅਤੇ ਮਾਰਕਫੈਡ ਦੇ ਏਐਮਡੀ ਨੇ ਜਿ਼ਲ੍ਹਾ ਮੰਡੀ ਅਫ਼ਸਰ ਨੂੰ ਹਦਾਇਤ ਕੀਤੀ ਕਿ ਸਾਰੀਆਂ ਮੰਡੀਆਂ ਵਿਚ ਤਰਪਾਲਾਂ ਦਾ ਪ੍ਰਬੰਧ ਰੱਖਿਆ ਜਾਵੇ ਅਤੇ ਜ਼ੇਕਰ ਮੌਸਮ ਮੁੜ ਖਰਾਬ ਹੋਵੇ ਤਾਂ ਮੰਡੀਆਂ ਵਿਚ ਆਈ ਕਣਕ ਜਾਂ ਖਰੀਦੀ ਜਾ ਚੁੱਕੀ ਕਣਕ ਨੂੰ ਤੁਰੰਤ ਢੱਕਿਆ ਜਾਵੇ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਅਤੇ ਟਰਾਂਸਪੋਟਰਾਂ ਦੀਆਂ ਮੁਸਕਿਲਾਂ ਵੀ ਸੁਣੀਆਂ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਕਣਕ ਦੀ ਫਸਲ ਦਾ ਦਾਣਾ ਦਾਣਾ ਪੰਜਾਬ ਸਰਕਾਰ ਵੱਲੋਂ ਖਰੀਦ ਕੀਤਾ ਜਾਵੇਗਾ ਅਤੇ ਹਰੇਕ ਦੇ ਹਿੱਤਾਂ ਦਾ ਖਿਆਲ ਰੱਖਿਆ ਜਾਵੇਗਾ। ਓਧਰ ਜਿ਼ਲ੍ਹੇ ਵਿਚ ਖਰੀਦੀ ਜਾ ਚੁੱਕੀ ਕਣਕ ਦੀ ਲਿਫਟਿੰਗ ਨੇ ਅੱਜ ਹੋਰ ਰਫਤਾਰ ਫੜ ਲਈ ਹੈ ਅਤੇ ਹਰੇਕ ਮੰਡੀ ਵਿਚੋਂ ਲਿਫਟਿੰਗ ਕੀਤੀ ਜਾ ਰਹੀ ਹੈ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਖਰੀਦ ਏਂਜਸੀਆਂ ਨੂੰ ਆਉਣ ਵਾਲੀ ਕਣਕ ਦੀ ਨਾਲੋ ਨਾਲ ਖਰੀਦ ਕਰਨ ਅਤੇ ਲਿਫਟਿੰਗ ਨੂੰ ਸਰਕਾਰ ਵੱਲੋਂ ਮਿੱਥੀ ਸਮਾਂ ਹੱਦ ਅੰਦਰ ਕਰਨ ਦੀ ਸਖਤ ਹਦਾਇਤ ਕੀਤੀ।ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਜਿ਼ਲ੍ਹੇ ਵਿਚ ਬੀਤੀ ਸ਼ਾਮ ਤੱਕ 187414 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਸੀ ਅਤੇ ਜਿਸ ਵਿਚੋਂ 168273 ਟਨ ਕਣਕ ਦੀ ਖਰੀਦ ਏਂਜਸੀਆਂ ਵੱਲੋਂ ਕੀਤੀ ਜਾ ਚੁੱਕੀ ਸੀ। ਜਿਕਰਯੋਗ ਐ ਕਿ ਹੁਣ ਤੱਕ ਪਨਗ੍ਰੇਨ ਵੱਲੋਂ ਸੈਂਟਰਲ ਪੂਲ ਲਈ 34548 ਮੀਟ੍ਰਿਕ ਟਨ ਅਤੇ ਸਟੇਟ ਪੂਲ ਲਈ 11820 ਮੀਟ੍ਰਿਕ ਟਨ, ਮਾਰਕਫੈਡ ਵੱਲੋਂ 43036 ਮੀਟ੍ਰਿਕ ਟਨ, ਪਨਸਪ ਵੱਲੋਂ 46934 ਮੀਟ੍ਰਿਕ ਟਨ, ਪੰਜਾਬ ਰਾਜ ਵੇਅਰ ਹਾਊਸ ਕਾਰਪੋਰੇਸ਼ਨ ਵੱਲੋਂ 21962 ਮੀਟ੍ਰਿਕ ਟਨ ਅਤੇ ਭਾਰਤੀ ਖੁਰਾਕ ਨਿਗਮ ਵੱਲੋਂ 1761 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਇਸੇ ਤਰਾਂ ਪ੍ਰਾਈਵੇਟ ਵਪਾਰੀਆਂ ਵਨੋਂ ਜਿ਼ਲ੍ਹੇ ਵਿਚ 8212 ਮੀਟ੍ਰਿਕ ਟਨ ਕਣਕ ਦੀ ਖਰੀਦ ਹੋਈ ਹੈ।