ਪੀ ਏ ਯੂ ਦੇ ਅਰਥ ਸ਼ਾਸਤਰ ਵਿਭਾਗ ਨੇ ਵਿਸ਼ੇਸ਼ ਭਾਸ਼ਣ ਕਰਾਇਆ

ਲੁਧਿਆਣਾ 16 ਜੂਨ : ਬੀਤੇ ਦਿਨੀਂ ਪੀਏਯੂ ਵਿਖੇ ਭਾਰਤ ਵਿੱਚ ਆਰਥਿਕ ਵਿਕਾਸ ਦੀ ਰਾਜਨੀਤਕ ਆਰਥਿਕਤਾ ਵਿਸ਼ੇ 'ਤੇ ਵਿਸ਼ੇਸ਼ ਭਾਸ਼ਣ ਕਰਾਇਆ ਗਿਆ। ਵਿਭਾਗ ਨੇ ਇਹ ਸਮਾਗਮ ਆਜ਼ਾਦੀ ਕਾ ਅੰਮ੍ਰਿਤਮਹੋਤਵ ਪ੍ਰੋਗਰਾਮ ਦੇ ਹਿੱਸੇ ਵਜੋਂ ਆਯੋਜਤ ਕੀਤਾ। ਇਸ ਭਾਸ਼ਣ ਵਿਚ ਇੰਸਟੀਚਿਊਟ ਆਫ ਹਿਊਮਨ ਡਿਵੈਲਪਮੈਂਟ ਦੇ ਵਿਜ਼ਿਟਿੰਗ ਪ੍ਰੋਫੈਸਰ ਡਾ.ਲਖਵਿੰਦਰ ਸਿੰਘ ਮਹਿਮਾਨ ਬੁਲਾਰੇ ਸਨ।  ਵਿਭਾਗ ਦੇ ਮੁਖੀ ਡਾ. ਜੇ.ਐਮ. ਸਿੰਘ ਨੇ ਬੁਲਾਰਿਆਂ ਦੀ ਜਾਣ ਪਛਾਣ ਕਰਾਈ ਅਤੇ ਵਿਭਾਗ ਵਿੱਚ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਲੈਕਚਰ ਦਾ ਵਿਸ਼ਾ ਵਿਸ਼ਵ ਆਰਥਿਕਤਾ ਦੇ ਸਬੰਧ ਵਿੱਚ ਭਾਰਤ ਦੇ ਆਰਥਿਕ ਗਤੀਸ਼ੀਲਤਾ ਨਾਲ ਸੰਬੰਧਿਤ ਸੀ। ਬੁਲਾਰੇ ਨੇ ਦੱਸਿਆ ਕਿ ਭਾਰਤ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਅਰਥਵਿਵਸਥਾ ਵਜੋਂ ਜਾਣਿਆ ਜਾਂਦਾ ਹੈ ਜਦੋਂ ਕਿ ਪ੍ਰਤੀ ਵਿਅਕਤੀ ਆਮਦਨ, ਬਹੁ ਪੱਖੀ ਗਰੀਬੀ , ਅਤੇ ਮਨੁੱਖੀ ਵਿਕਾਸ ਦੇ ਰੂਪ ਵਿੱਚ ਇਹ ਕਾਫ਼ੀ ਹੇਠਾਂ ਹੈ। ਡਾ. ਸਿੰਘ ਨੇ ਭਾਰਤ ਦੇ ਆਰਥਿਕ ਵਿਕਾਸ ਲਈ ਕਈ ਸੁਝਾਵਾਂ ਦਾ ਉਲੇਖ ਕੀਤਾ।ਇਹ ਉਪਾਅ, ਉਨ੍ਹਾਂ ਦੇ ਅਨੁਸਾਰ, ਭਾਰਤ ਦੀ ਆਰਥਿਕਤਾ ਲਈ ਇੱਕ ਖੁਸ਼ਹਾਲ ਅਤੇ ਟਿਕਾਊ ਭਵਿੱਖ ਲਈ ਰਾਹ ਪੱਧਰਾ ਕਰਨਗੇ।ਇਸ ਮੌਕੇ ਸਾਰੇ ਫੈਕਲਟੀ ਮੈਂਬਰ, ਰਿਸਰਚ ਫੈਲੋ ਅਤੇ ਪੀ.ਐਚ.ਡੀ. ਅਕਾਦਮਿਕ ਪ੍ਰੋਗਰਾਮ ਦੇ ਵਿਦਿਆਰਥੀ ਮੌਜੂਦ ਸਨ। ਉਨ੍ਹਾਂ ਨੇ ਮਹਿਮਾਨ ਸਪੀਕਰ ਨੂੰ ਕੁਝ ਸਵਾਲ ਵੀ ਪੁੱਛੇ। ਸਮਾਗਮ ਦੀ ਸਮਾਪਤੀ ਕਰਦਿਆਂ ਡਾ: ਕਮਲ ਵੱਤਾ, ਪ੍ਰੋਫੈਸਰ (ਅਰਥ ਸ਼ਾਸਤਰ) ਨੇ ਸਭ ਦਾ ਧੰਨਵਾਦ ਕੀਤਾ।