ਵੋਟ ਦਾ ਇਸਤੇਮਾਲ ਕਰਕੇ ਲੋਕਤੰਤਰ ਨੂੰ ਕੀਤਾ ਜਾ ਸਕਦੈ ਮਜਬੂਤ : ਜ਼ਿਲ੍ਹਾ ਚੋਣ ਅਫਸਰ

  • ਨੌਜਵਾਨ ਆਪਣੀਆਂ ਵੋਟਾਂ ਜਰੂਰ ਬਣਵਾ ਕੇ ਲੋਕਤੰਤਰ ਦਾ ਬਣਨ ਹਿੱਸਾ
  • ਜ਼ਿਲ੍ਹਾ ਚੋਣ ਅਫਸਰ ਪਰਨੀਤ ਸ਼ੇਰਗਿੱਲ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ਼ ਵਿਖੇ ਨੌਜਵਾਨਾਂ ਨੂੰ ਵੋਟ ਦਾ ਇਸਤੇਮਾਲ ਕਰਨ ਲਈ ਕੀਤਾ ਜਾਗਰੂਕ

ਫ਼ਤਹਿਗੜ੍ਹ ਸਾਹਿਬ, 01 ਸਤੰਬਰ : ਸਾਡਾ ਦੇਸ਼ ਦੁਨੀਆਂ ਦਾ ਸਭ ਤੋਂ ਵੱਡਾ ਲੋਕਤਾਂਤਰਿਕ ਦੇਸ਼ ਹੈ ਅਤੇ ਲੋਕਤੰਤਰ ਦੀ ਮਜਬੂਤੀ ਵਾਸਤੇ ਹਰੇਕ ਵੋਟਰ ਨੂੰ ਆਪਣੇ ਵੋਟ ਦਾ ਸਹੀ ਇਸਤੇਮਾਲ ਕਰਨਾ ਜਰੂਰੀ ਹੈ ਕਿਉਂਕਿ ਵੋਟ ਦਾ ਸਹੀ ਇਸਤੇਮਾਲ ਕਰਕੇ ਹੀ ਅਸੀਂ ਆਪਣੇ ਦੇਸ਼ ਅਤੇ ਸੂਬੇ ਦੀ ਮਜਬੂਤੀ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ਼ ਵਿਖੇ ਸ਼ੁਰੂ ਹੋਈਆਂ ਖੇਡਾਂ ਵਤਨ ਪੰਜਾਬ ਦੀਆਂ ਮੌਕੇ ਸਵੀਪ ਪ੍ਰੋਗਰਾਮ ਅਧੀਨ ਲਗਾਏ ਕੈਂਪ ਦਾ ਉਦਘਾਟਨ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਪ੍ਰਤੀ ਜਾਗਰੂਕ ਕਰਨ ਵਾਸਤੇ ਨੈਸ਼ਨਲ ਵੋਟਰ ਦਿਵਸ ਮਨਾਇਆ ਜਾਂਦਾ ਹੈ ਤਾਂ ਜੋ 100 ਫੀਸਦੀ ਵੋਟਰਾਂ ਦੀ ਸ਼ਮੂਲੀਅਤ ਨਾਲ ਲੋਕਤੰਤਰ ਨੂੰ ਮਜਬੂਤ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਵੋਟ ਬਣਾਉਣਾ ਅਤੇ ਉਸ ਦਾ ਬਿਨਾਂ ਕਿਸੇ ਭੇਦ-ਭਾਵ ਤੋਂ ਇਸਤੇਮਾਲ ਕਰਨਾ ਹਰੇਕ ਨਾਗਰਿਕ ਦੀ ਸਮਾਜਿਕ ਜਿੰਮੇਵਾਰੀ ਹੈ ਜਿਸ ਨੂੰ ਨਿਭਾਉਣ ਤੋਂ ਕਦੇ ਵੀ ਪਿੱਛੇ ਨਹੀਂ ਹਟਣਾ ਚਾਹੀਦਾ। ਉਨ੍ਹਾਂ ਲੋਕਤੰਤਰੀ ਪ੍ਰੰਪਰਾਵਾਂ ਨੂੰ ਕਾਇਮ ਰੱਖਣ ਅਤੇ ਸਹੀ ਤੇ ਨਿਰਪੱਖ ਵੋਟ ਦਾ ਇਸਤੇਮਾਲ ਕਰਨ ਦਾ ਪ੍ਰਣ ਵੀ ਦਿਵਾਇਆ। ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਨੌਜਵਾਨਾਂ ਦੀਆਂ ਵੱਧ ਤੋਂ ਵੱਧ ਵੋਟਾਂ ਬਣਾਉਣ ਲਈ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਇਸ ਤਹਿਤ ਹੁਣ ਨੌਜਵਾਨ ਨਾਗਰਿਕਾਂ ਦੀ ਵੋਟ ਬਣਾਉਣ ਵਾਸਤੇ ਸਾਲ ਅੰਦਰ ਚਾਰ ਮਿਤੀਆਂ ਤੈਅ ਕੀਤੀਆਂ ਗਈਆਂ ਹਨ। ਇਸ ਤਰ੍ਹਾਂ ਹੁਣ ਪਹਿਲੀ ਜਨਵਰੀ, ਪਹਿਲੀ ਅਪ੍ਰੈਲ, ਪਹਿਲੀ ਜੁਲਾਈ ਅਤੇ ਪਹਿਲੀ ਅਕਤੂਬਰ ਨੂੰ ਜੇਕਰ ਨੋਜਵਾਨਾਂ ਦੀ ਉਮਰ ਅਜੇ 17 ਸਾਲ ਦੀ ਹੈ ਜਾਂ 18 ਸਾਲ ਹੋ ਗਈ ਹੈ ਜਾਂ 18 ਸਾਲ ਦੀ ਹੋਣ ਵਾਲੀ ਹੈ ਉਹ ਆਪਣੀ ਵੋਟ ਬਣਾਉਣ ਦੇ ਯੋਗ ਹੋਣਗੇ। ਜ਼ਿਲ੍ਹਾ ਚੋਣ ਅਫਸਰ ਨੇ ਸਵੀਪ ਨੋਡਲ ਅਫਸਰ ਨੂੰ ਕਿਹਾ ਕਿ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਨੌਜਵਾਨਾਂ ਨੂੰ ਵੋਟ ਬਣਵਾਉਣ ਲਈ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਜ਼ਿਲ੍ਹੇ ਦਾ ਕੋਈ ਵੀ ਯੋਗ ਨਾਗਰਿਕ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ। ਇਸ ਮੌਕੇ ਵਿਧਾਨ ਸਭਾ ਚੋਣ ਹਲਕਾ-055 ਫ਼ਤਹਿਗੜ੍ਹ ਸਾਹਿਬ ਦੇ ਚੋਣਕਾਰ ਰਜਿਸਟਰੇਸ਼ਨ ਅਫਸਰ-ਕਮ-ਐਸ.ਡੀ.ਐਮ. ਸ਼੍ਰੀ ਹਰਪ੍ਰੀਤ ਸਿੰਘ ਅਟਵਾਲ, ਸਹਾਇਕ ਕਮਿਸ਼ਨਰ (ਜ) ਸ਼੍ਰੀ ਅਭਿਸ਼ੇਕ ਸ਼ਰਮਾ, ਸਵੀਪ ਟੀਮ ਦੇ ਨੋਡਲ ਅਫਸਰ ਹਰਿੰਦਰਜੀਤ ਸਿੰਘ, ਜਸਪਾਲ ਸਿੰਘ, ਕਰਨਵੀਰ ਸਿੰਘ, ਅੰਮ੍ਰਿਤਪਾਲ ਸਿੰਘ ਤੇ ਸਤਵਿੰਦਰ ਸਿੰਘ ਵੀ ਮੌਜੂਦ ਸਨ।