- ਹਰ ਪਾਰਟੀ ਦੇ ਵਰਕਰਾਂ ਵਿਚ ਜਾਨ, ਜਮੀਰ ਅਤੇ ਜੁਰਅਤ ਹੁੰਦੀ ਹੈ, ਇਹਨਾਂ ਨੂੰ ਪਲਾਸਟਿਕ ਦੇ ਖਿਡੌਣੇ ਨਾ ਸਮਝਣ ਨੇਤਾ
ਲੁਧਿਆਣਾ, 27 ਮਾਰਚ : ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਓ.ਬੀ.ਸੀ. ਵਿਭਾਗ ਕੁੱਲ ਹਿੰਦ ਕਾਂਗਰਸ ਦੇ ਕੋਆਰਡੀਨੇਟਰ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਕ੍ਰਿਸ਼ਨ ਕੁਮਾਰ ਬਾਵਾ ਅਤੇ ਸੀਨੀਅਰ ਕਾਂਗਰਸੀ ਨੇਤਾ ਮੋਤੀ ਸੂਦ, ਰਜਿੰਦਰ ਚੋਪੜਾ ਨੇ ਕਿਹਾ ਕਿ ਬਿੱਟੂ ਨੇ ਕਾਂਗਰਸ ਪਾਰਟੀ ਨਾਲ ਧੋਖਾ ਕੀਤਾ ਹੈ। ਪਾਰਟੀ ਮਾਂ ਹੁੰਦੀ ਹੈ। ਬਿੱਟੂ ਨੂੰ ਕਾਂਗਰਸ ਪਾਰਟੀ ਨੇ ਮਰਹੂਮ ਬੇਅੰਤ ਸਿੰਘ ਦੀ ਕੁਰਬਾਨੀ ਦਾ ਸਤਿਕਾਰ ਕਰਦੇ ਹੋਏ ਲਗਾਤਾਰ ਤਿੰਨ ਵਾਰ ਟਿਕਟ ਦੇ ਕੇ ਲੋਕ ਸਭਾ ਦਾ ਮੈਂਬਰ ਬਣਾਇਆ। ਕਾਂਗਰਸ ਹਾਈਕਮਾਂਡ ਨੇ ਅਪੋਜ਼ੀਸ਼ਨ ਦਾ ਨੇਤਾ ਬਣਾਇਆ। ਬਿੱਟੂ ਨੂੰ ਜੋ ਲੋਰੀਆਂ ਮਾਂ ਪਾਰਟੀ ਨੇ ਦਿੱਤੀਆਂ, ਪਾਲ ਪਲੋਸ ਕੇ ਵੱਡਾ ਕੀਤਾ, ਕੀ ਪਤਾ ਸੀ ਕਿ 15 ਸਾਲ ਬਾਅਦ ਬਿੱਟੂ ਉਸ ਮਾਂ ਦੀ ਊਂਗਲ ਛੱਡ ਕੇ ਭਾਜਪਾ ਦੀ ਗੋਦੀ ਵਿੱਚ ਬੈਠ ਜਾਵੇਗਾ। ਬਿੱਟੂ ਬਸ ਬਿੱਟੂ ਨਿਕਲਿਆ, ਜਿਸ ਨੇ ਕਾਂਗਰਸ ਪਾਰਟੀ, ਕਾਂਗਰਸ ਵਰਕਰਾਂ ਅਤੇ ਲੁਧਿਆਣਾ ਦੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ। ਇਹ ਸ਼ਬਦ ਸੀਨੀਅਰ ਨੇਤਾਵਾਂ ਨੇ ਭਰੇ ਮਨ ਨਾਲ ਕਹੇ। ਉਹਨਾਂ ਕਿਹਾ ਕਿ ਹਰ ਪਾਰਟੀ ਦੇ ਵਰਕਰਾਂ ਵਿੱਚ ਜਾਨ, ਜਮੀਰ ਅਤੇ ਜੁਰਅਤ ਹੁੰਦੀ ਹੈ। ਇਹਨਾਂ ਨੂੰ ਪਲਾਸਟਿਕ ਦੇ ਖਿਡਾਉਣੇ ਨਾ ਸਮਝਣ ਪਾਰਟੀਆਂ ਦੇ ਨੇਤਾ। ਉਹਨਾਂ ਕਿਹਾ ਕਿ ਅੱਜ ਦੀ ਸਿਆਸਤ ਵਿੱਚ ਆਈ ਗਿਰਾਵਟ ਦੇਸ਼, ਸਮਾਜ ਅਤੇ ਭਾਰਤ ਦੇ ਭਵਿੱਖ ਲਈ ਖਤਰੇ ਦੀ ਘੰਟੀ ਹੈ। ਪਾਰਟੀਆਂ ਅੰਦਰ ਵਿਚਾਰਧਾਰਾ ਨਹੀਂ ਰਹੀ ਸਗੋਂ ਨੋਟਧਾਰਾ, ਕੁਰਸੀਧਾਰਾ ਚੱਲ ਰਹੀ ਹੈ। ਕੰਮ, ਕੁਰਬਾਨੀ ਅਤੇ ਸਨਿਓਰਟੀ ਦੇਖਣ ਦੀ ਬਜਾਏ ਸਿਆਸੀ ਪਾਰਟੀਆਂ ਦੇ ਟਿਕਟਾਂ ਦੇਣ ਵਾਲੇ ਤੱਕੜੀਆਂ-ਵੱਟੇ ਜਮੀਰਾਂ ਦੀ ਖਰੀਦੋ ਫਰੋਖਤ ਕਰਦੇ ਹਨ। ਜੇ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ, ਰਾਜਗੁਰੂ, ਸੁਖਦੇਵ ਨੂੰ ਇਹ ਪਤਾ ਹੁੰਦਾ ਕਿ ਮਹਿੰਗੇ ਮੁੱਲ, ਫਾਂਸੀ ਦੇ ਰੱਸੇ ਚੁੰਮ ਕੇ ਮਿਲੀ ਆਜ਼ਾਦੀ 'ਤੇ ਕਿਸ ਤਰ੍ਹਾਂ ਦੇ ਲੋਕ ਕਾਬਜ਼ ਹੋਣਗੇ ਜੋ ਸਮਾਜ ਨੂੰ ਵੰਡ ਕੇ, ਨੋਟ ਅਤੇ ਨਸ਼ੇ ਵੰਡ ਕੇ ਲੋਕਾਂ ਦੀਆਂ ਜਮੀਰਾਂ ਖਰੀਦ ਦੇਣਗੇ ਤਾਂ ਸ਼ਾਇਦ ਉਹ ਵੀ ਕੁਰਬਾਨੀ ਨਾ ਦਿੰਦੇ।