ਪੁਲਿਸ ਕਮਿਸ਼ਨਰ ਵੱਲੋਂ ਲਾਇਸੰਸਸ਼ੁਦਾ ਅਸਲਾ ਜਮ੍ਹਾ ਕਰਵਾਉਣ ਦੇ ਹੁਕਮ ਜਾਰੀ

  • ਬਰਛੇ, ਖੰਜਰ, ਵਿਸਫੋਟਕ ਸਮੱਗਰੀ ਸਮੇਤ ਤੇਜ਼ਧਾਰ ਅਤੇ ਮਾਰੂ ਹਥਿਆਰ ਰੱਖਣ 'ਤੇ ਵੀ ਪੂਰਨ ਪਾਬੰਦੀ

ਲੁਧਿਆਣਾ, 19 ਮਾਰਚ : ਡਿਪਟੀ ਕਮਿਸ਼ਨਰ ਪੁਲਿਸ, ਹੈਡਕੁਆਰਟਰ-ਕਮ-ਸਿਟੀ ਲੁਧਿਆਣਾ ਸੁਹੇਲ ਮੀਰ, ਆਈ.ਪੀ.ਐਸ. ਵੱਲੋਂ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਲਾਇਸੰਸਸ਼ੁਦਾ ਅਸਲਾ ਜਮ੍ਹਾ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ਅਤੇ ਬਰਛੇ, ਖੰਜਰ, ਵਿਸਫੋਟਕ ਸਮੱਗਰੀ ਸਮੇਤ ਤੇਜ਼ਧਾਰ ਅਤੇ ਮਾਰੂ ਹਥਿਆਰ ਰੱਖਣ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਆਪਣੇ ਹੁਕਮਾਂ ਵਿੱਚ ਕਿਹਾ ਕਿ ਪੰਜਾਬ ਸੂਬੇ ਵਿੱਚ 7ਵੇਂ ਪੜਾਅ ਦੌਰਾਨ ਪਹਿਲੀ ਜੂਨ ਨੂੰ ਹੋਣ ਵਾਲੀਆਂ ਆਗਾਮੀ ਆਮ ਸੰਸਦੀ ਚੋਣਾਂ ਦੇ ਮੱਦੇਨਜ਼ਰ, ਅਮਨ-ਕਾਨੂੰਨ ਨੂੰ ਬਰਕਰਾਰ ਰੱਖਣ ਅਤੇ ਜਨਤਕ ਸ਼ਾਂਤੀ ਨੂੰ ਯਕੀਨੀ ਬਣਾਉਣ ਲਈ ਵਿਆਪਕ ਕਦਮ ਚੁੱਕਣੇ ਲਾਜ਼ਮੀ ਹਨ। ਉਨ੍ਹਾਂ ਕਿਹਾ ਕਿ ਜਨਤਕ ਸੁਰੱਖਿਆ ਦੇ ਹਿੱਤ ਵਿੱਚ, ਨਿੱਜੀ ਮਾਲਕੀ ਵਾਲੇ ਹਥਿਆਰਾਂ ਨੂੰ ਜਮ੍ਹਾ ਕਰਵਾਉਣ ਅਤੇ ਤਿੱਖੇ ਅਤੇ ਘਾਤਕ ਹਥਿਆਰਾਂ ਜਿਵੇਂ ਕਿ ਖੰਜਰ, ਬਰਛੇ ਅਤੇ ਵਿਸਫੋਟਕ ਸਮੱਗਰੀ ਲੈ ਕੇ ਚੱਲਣ 'ਤੇ ਮਨਾਹੀ ਦੇ ਹੁਕਮਾਂ ਨੂੰ ਲਾਗੂ ਕਰਨਾ ਜ਼ਰੂਰੀ ਸਮਝਿਆ ਜਾਂਦਾ ਹੈ। ਇਹ ਹੁਕਮ ਇੱਕ ਤਰਫਾ ਜਾਰੀ ਕੀਤਾ ਗਿਆ ਹੈ ਜੋਕਿ ਫੌਜ ਅਤੇ ਅਰਧ-ਸੈਨਿਕ ਬਲਾਂ ਦੇ ਕਰਮਚਾਰੀਆਂ, ਵਰਦੀ ਵਿੱਚ ਪੁਲਿਸ ਕਰਮਚਾਰੀਆਂ ਅਤੇ ਜ਼ਿਲ੍ਹਾ ਸਕ੍ਰੀਨਿੰਗ ਕਮੇਟੀ ਦੁਆਰਾ ਛੋਟ ਦਿੱਤੇ ਗਏ ਵਿਅਕਤੀ 'ਤੇ ਲਾਗੂ ਨਹੀਂ ਹੋਵੇਗਾ। ਇਹ ਹੁਕਮ ਅੱਜ ਤੋਂ, ਭਾਵ 19 ਮਾਰਚ, 2024 ਤੋਂ ਚੋਣ ਪ੍ਰਕਿਰਿਆ ਦੀ ਸਮਾਪਤੀ ਤੱਕ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ।