ਭਾਰਤ ਜੋੜੋ ਯਾਤਰਾ 11 ਜਨਵਰੀ ਨੂੰ ਹਰਿਆਣਾ ਬਾਰਡਰ ਰਾਹੀਂ ਪੰਜਾਬ ਪੁੱਜੇਗੀ, ਭਰਵਾਂ ਸਵਾਗਤ ਕੀਤਾ ਜਾਵੇਗਾ
ਮੁੱਲਾਂਪੁਰ ਦਾਖਾ, 29 ਦਸੰਬਰ : ਪਿਛਲੇ ਦਿਨੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਮੇਜਰ ਸਿੰਘ ਮੁੱਲਾਂਪੁਰ ਨੂੰ ਲੁਧਿਆਣਾ ਦਿਹਾਤੀ ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ ਸੀ, ਜਿਸ ਸਬੰਧੀ ਅੱਜ ਸਥਾਨਕ ਸ਼ਹਿਰ ਦੀ ਦਾਣਾ ਮੰਡੀ ਵਿਖੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਲੀਡਰਸ਼ਿਪ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੇਜਰ ਸਿੰਘ ਮੁੱਲਾਂਪੁਰ ਨੂੰ ਇਸ ਅਹੁਦੇ ਲਈ ਪੂਰੀ ਤਰ੍ਹਾਂ ਢੁਕਵਾਂ ਦੱਸਦਿਆਂ ਕਿਹਾ ਕਿ ਉਹ ਹਮੇਸ਼ਾਂ ਇੱਕ ਆਮ ਵਰਕਰ ਹੁੰਦਿਆਂ ਪਾਰਟੀ ਲਈ ਇਮਾਨਦਾਰ ਅਤੇ ਵਰਕਰਾਂ ਦੀ ਲੜਾਈ ਹਮੇਸ਼ਾਂ ਮੋਹਰੀ ਹੋਕੇ ਲੜਿਆ। ਵੜਿੰਗ ਨੇ ਕਿਹਾ ਕਿ ਪਹਿਲਾਂ ਪਾਰਟੀ ਮੁਖਤਿਆਰਾਂ ਨੂੰ ਠੇਕੇ ’ਤੇ ਦਿੱਤੀ ਹੋਈ ਸੀ, ਜਿਸ ਕਾਰਨ ਕਾਂਗਰਸ 80 ਤੋਂ 18 ਸੀਟਾਂ ’ਤੇ ਸਿਮਟ ਗਈ ਅਤੇ ਇਹ ਤਾਣੀ ਆਪਣਿਆ ਨੇ ਹੀ ਉਲਝਾਈ। ਉਹਨਾਂ ਕਮਰਸ਼ੀਅਲ ਸ਼ਬਦ ਦਾ ਵਾਰ- ਵਾਰ ਆਪਣੇ ਹੀ ਲੀਡਰਾਂ ’ਤੇ ਵਰਤਦਿਆਂ ਕਿਹਾ ਕਿ ਇਹ ਕਮਰਸ਼ੀਅਲ ਲੀਡਰ ਪਾਰਟੀ ਨੂੰ ਘੁਣ ਵਾਂਗੂ ਖਾ ਗਏ ਅਤੇ ਲੰਮਾ ਸਮਾਂ ਸਤਾ ਦਾ ਆਨੰਦ ਮਾਣ ਕੇ ਪਾਰਟੀ ਨੂੰ ਠੋਕਰ ਮਾਰ ਗਏ। ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਭਾਰਤ ਜੋੜੋ ਯਾਤਰਾ ਬਾਰੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਜਾਣੂ ਕਰਵਾਉਂਦਿਆਂ ਦੱਸਿਆ ਕਿ ਇਹ ਯਾਤਰਾ 11 ਜਨਵਰੀ ਨੂੰ ਹਰਿਆਣਾ ਬਾਰਡਰ ਰਾਹੀਂ ਪੰਜਾਬ ਪੁੱਜੇਗੀ, ਜਿੱਥੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ। ਸਮਾਗਮ ਵਿੱਚ ਪੁੱਜਣ ’ਤੇ ਪ੍ਰਧਾਨ ਰਾਜਾ ਵੜਿੰਗ ਦਾ ਮੈਡਮ ਪੁਨੀਤਾ ਸੰਧੂ ਨੇ ਹਲਕਾ ਦਾਖਾ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ । ਇਸ ਮੌਕੇ ਮੇਜਰ ਸਿੰਘ ਮੁੱਲਾਂਪੁਰ ਨੇ ਵਿਸ਼ਵਾਸ਼ ਦਿਵਾਉਂਦਿਆਂ ਕਿਹਾ ਕਿ ਉਹ ਪਾਰਟੀ ਵੱਲੋਂ ਸੰਭਾਲੀ ਜਿੰਮੇਂਵਾਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਕਿਸੇ ਵੀ ਆਗੂ ਜਾਂ ਪਾਰਟੀ ਵਰਕਰ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਣਗੇ। ਸਮਾਗਮ ਨੂੰ ਸਾਂਸਦ ਅਮਰ ਸਿੰਘ ਬੋਪਾਰਾਏ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਜਗਤਾਰ ਸਿੰਘ ਹਿੱਸੋਵਾਲ, ਕਾਮਲ ਬੋਪਾਰਾਏ. ਕਰਮਜੀਤ ਸੋਨੀ ਗਾਲਿਬ ਅਤੇ ਸਾਬਕਾ ਜਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ ਆਦਿ ਨੇ ਵੀ ਸੰਬੋਧਨ ਕਰਦਿਆਂ ਮੇਜਰ ਸਿੰਘ ਮੁੱਲਾਂਪੁਰ ਨੂੰ ਵਧਾਈ ਦਿੱਤੀ। ਇਸ ਮੌਕੇ ਸਾਬਕਾ ਵਿਧਾਇਕ ਈਸ਼ਰ ਸਿੰਘ ਮੇਹਰਬਾਨ, ਵਿਰਕਮ ਬਾਜਵਾ ਸਾਹਨੇਵਾਲ, ਪ੍ਰਧਾਨ ਤੇਲੂ ਰਾਮ ਬਾਂਸਲ, ਗੁਰਚਰਨ ਸਿੰਘ ਪੱਬੀਆਂ, ਬਲਬੀਰ ਸਿੰਘ ਗਿੱਲ ਸੈਨਟਰੀ, ਲੰਬੜਦਾਰ ਜਸਪਾਲ ਸਿੰਘ ਗਿੱਲ ਅਤੇ ਸਰਪੰਚ ਰਣਬੀਰ ਸਿੰਘ ਰੁੜਕਾ ਆਦਿ ਹਾਜਰ ਸਨ।