- ਵਣ ਵਿਭਾਗ ਦੀਆਂ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਕੇ ਲਗਾਈਆਂ ਜਾਣਗੀਆਂ ਬੁਰਜੀਆਂ : ਜੱਸੀ ਸੋਹੀਆਂ ਵਾਲਾ
ਪਟਿਆਲਾ, 7 ਜੂਨ : ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਜੱਸੀ ਸੋਹੀਆਂ ਵਾਲਾ ਨੇ ਅੱਜ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਦਫ਼ਤਰ ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਵਿਖੇ ਮੀਟਿੰਗ ਕੀਤੀ। ਇਸ ਦੌਰਾਨ ਜ਼ਿਲ੍ਹਾ ਵਣ ਮੰਡਲ ਅਫ਼ਸਰ ਵਿੱਦਿਆ ਸਾਗਰੀ ਅਤੇ ਰੇਂਜ ਅਫ਼ਸਰ ਮਨਦੀਪ ਸਿੰਘ, ਸਵਰਨ ਸਿੰਘ, ਇਕਬਾਲ ਸਿੰਘ, ਅਮਨਦੀਪ ਸਿੰਘ ਅਤੇ ਸੋਮ ਨਾਥ ਅਤੇ ਬਿਕਰਮਜੀਤ ਸਿੰਘ ਇਨਵੈਸਟੀਗੇਟਰ, ਦਫ਼ਤਰ ਉਪ ਅਰਥ ਅਤੇ ਅੰਕੜਾ ਸਲਾਹਕਾਰ ਮੀਟਿੰਗ ਵਿੱਚ ਹਾਜ਼ਰ ਰਹੇ। ਮੀਟਿੰਗ 'ਚ ਚੇਅਰਮੈਨ ਨੇ ਵਣ ਵਿਭਾਗ ਦੀਆਂ ਚੱਲ ਰਹੀਆਂ ਸਕੀਮਾਂ ਦੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੇ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਜਾਣੂੰ ਕਰਵਾਇਆ ਗਿਆ। ਉਨ੍ਹਾਂ ਵਣ ਮੰਡਲ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਪਟਿਆਲਾ ਜ਼ਿਲ੍ਹੇ ਵਿੱਚ ਸੜਕਾਂ ਕਿਨਾਰੇ ਸੁੱਕੇ ਰੁੱਖਾਂ ਕਾਰਨ ਹੋਣ ਵਾਲੇ ਹਾਦਸਿਆਂ ਤੋਂ ਬਚਾਅ ਲਈ ਪਲਾਨ ਤਿਆਰ ਕੀਤਾ ਜਾਵੇ ਤਾਂ ਜੋ ਸੁੱਕੇ ਰੁੱਖ ਝੱਖੜ ਅਤੇ ਹਨੇਰੀ ਦੌਰਾਨ ਹਾਦਸਿਆਂ ਦਾ ਕਾਰਨ ਨਾ ਬਣਨ। ਮੀਂਹ, ਝੱਖੜ ਦੌਰਾਨ ਗਿਰੇ ਰੁੱਖ ਚੁੱਕਣ ਲਈ ਨਵੀਨਤਮ ਮਸ਼ੀਨਰੀ ਦੀ ਖ਼ਰੀਦ ਕਰਨ ਦੇ ਉਪਰਾਲੇ ਕਰਨ ਦੀ ਵੀ ਹਦਾਇਤ ਕੀਤੀ। ਜ਼ਿਲ੍ਹਾ ਵਣ ਮੰਡਲ ਅਫ਼ਸਰ ਨੇ ਦੱਸਿਆ ਕਿ ਸਾਲ 2022-23 ਦੌਰਾਨ ਵਣ ਵਿਭਾਗ ਦੀਆਂ ਜ਼ਮੀਨਾਂ ਦੇ ਕਬਜ਼ੇ ਪਿੰਡ ਕੁੱਲੇਮਾਜਰਾ ਤੋਂ 43 ਏਕੜ, ਕਰਮਗੜ੍ਹ ਤੋਂ 12 ਏਕੜ ਅਤੇ ਮਰੋੜੀ ਤੋਂ 5 ਏਕੜ ਦੇ ਕਬਜ਼ੇ ਛੁੜਵਾ ਕੇ ਇਸ ਥਾਂ ਤੇ ਬੂਟੇ ਲਗਾਏ ਗਏ ਅਤੇ ਹੁਣ ਵਣ ਵਿਭਾਗ ਦੀ ਜ਼ਮੀਨ ਤੇ ਹੋਏ ਕਬਜ਼ਿਆਂ ਨੂੰ ਪੁਲਿਸ ਦੀ ਸਹਾਇਤਾ ਨਾਲ ਖ਼ਾਲੀ ਕਰਾਉਣ ਲਈ ਪੈਰਵੀ ਕੀਤੀ ਜਾ ਰਹੀ ਹੈ। ਉਹਨਾਂ ਚੇਅਰਮੈਨ ਦੇ ਧਿਆਨ ਵਿੱਚ ਲਿਆਂਦਾ ਕਿ ਸਾਲ 2023-24 ਦੌਰਾਨ ਵਣ ਵਿਭਾਗ ਦੀ ਜਗ੍ਹਾ 'ਤੇ 2 ਲੱਖ ਬੂਟੇ ਅਤੇ ਵੱਖ-ਵੱਖ ਥਾਵਾਂ 'ਤੇ 40 ਹਜ਼ਾਰ ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ ਅਤੇ ਨਾਲ ਹੀ 15 ਨਾਨਕ ਬਗੀਚੀਆਂ ਬਣਾਈਆਂ ਜਾਣਗੀਆਂ। ਜ਼ਿਲ੍ਹੇ ਵਿੱਚ 3 ਪਾਰਕਾਂ ਪਿੰਡ ਰਣਜੀਤਗੜ੍ਹ, ਹਰੀਦਾਸ ਕਲੋਨੀ, ਨਾਭਾ ਅਤੇ ਸਰਹਿੰਦ ਰੋਡ, ਪਟਿਆਲਾ ਵਿਖੇ ਨਿਰਮਾਣ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਵਿੱਚ 13 ਨਰਸਰੀਆਂ ਹਨ। ਜਿਸ ਵਿੱਚੋਂ ਫਲਦਾਰ, ਛਾਂ ਦਾਰ ਅਤੇ ਮੈਡੀਸਨਲ ਅਤੇ ਹਰ ਤਰਾਂ ਦੇ ਬੂਟੇ ਮੁਹੱਈਆ ਕਰਵਾਏ ਜਾਣਗੇ। ਹਰ ਵਿਅਕਤੀ ਮੋਬਾਇਲ ਐਪ ਆਈ ਹਰਿਆਲੀ ਤੋਂ 15 ਬੂਟੇ ਮੁਫ਼ਤ ਲੈ ਸਕਦੇ ਹੈ। 2 ਲੱਖ ਪੌਦੇ ਦਾ ਟੀਚਾ ਮਨਰੇਗਾ ਰਾਹੀਂ ਪੂਰਾ ਕੀਤਾ ਜਾਵੇਗਾ। ਇਹ ਵੀ ਦੱਸਿਆ ਗਿਆ ਹੈ ਕਿ ਪੰਚਾਇਤੀ ਵਿਭਾਗ ਦੀ 25 ਏਕੜ ਜ਼ਮੀਨ ਤੇ ਜੰਗਲ ਲਗਾਉਣ ਲਈ ਦੀ ਤਜਵੀਜ਼ ਹੈ। ਮੀਟਿੰਗ ਦੇ ਆਖ਼ਰ ਵਿੱਚ ਚੇਅਰਮੈਨ ਜੱਸੀ ਸੋਹੀਆਂ ਵਾਲਾ ਵੱਲੋਂ ਸ਼ਾਮਲ ਅਫ਼ਸਰ ਸਾਹਿਬਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਨਾਲ ਹੀ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਦੁਆਰਾ ਵਣ ਵਿਭਾਗ ਦੀਆਂ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਵਾ ਕੇ ਬੁਰਜੀਆਂ ਲਗਵਾਈਆਂ ਜਾਣਗੀਆਂ ਤਾਂ ਜੋ ਵਣ ਵਿਭਾਗ ਦੀ ਜ਼ਮੀਨ ਤੇ ਕਿਸੇ ਵੀ ਕਿਸਮ ਦਾ ਕਬਜ਼ਾ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਣ ਵਿਭਾਗ ਦੀਆਂ ਸਕੀਮਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਪ੍ਰਚਾਰ ਪ੍ਰਸਾਰ ਕੀਤਾ ਜਾਵੇ ਤਾਂ ਜੋ ਪੰਜਾਬ ਰਾਜ ਵਿੱਚ ਵਣ ਰਕਬੇ ਨੂੰ ਵਧਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਏ ਜਾ ਸਕਣ। ਇਸ ਮੌਕੇ ਚੇਅਰਮੈਨ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣ।