ਮਾਤਾ ਗੁਜਰੀ ਕਾਲਜ ਦੇ ਮੈਨੇਜਮੈਂਟ ਸਟੱਡੀਜ਼ ਵਿਭਾਗ ਵੱਲੋਂ ਕਰੀਅਰ ਕਾਊਂਸਲਿੰਗ ਵਰਕਸ਼ਾਪ

ਸ੍ਰੀ ਫ਼ਤਹਿਗੜ੍ਹ ਸਾਹਿਬ, 06 ਮਾਰਚ (ਹਰਪ੍ਰੀਤ ਸਿੰਘ ਗੁੱਜਰਵਾਲ) : ਮਾਤਾ ਗੁਜਰੀ ਕਾਲਜ ਦੇ ਮੈਨੇਜਮੈਂਟ ਸਟੱਡੀਜ਼ ਵਿਭਾਗ ਵੱਲੋਂ ਵਿਭਾਗ ਦੇ ਆਖਰੀ ਸਾਲ ਦੇ ਅੰਡਰਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਐਪਟੀਟਿਊਡ ਅਤੇ ਸਾਫ਼ਟ ਸਕਿੱਲਜ਼ ਵਿਸ਼ੇ 'ਤੇ '360 ਡਿਗਰੀ ਕਰੀਅਰ ਕਾਊਂਸਲਿੰਗ' ਵਰਕਸ਼ਾਪ ਦਾ ਸਫ਼ਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਉਦੇਸ਼ ਨੂੰ ਨਿਰਧਾਰਤ ਕਰਨ, ਸਮਾਂ ਪ੍ਰਬੰਧਨ, ਸੌਫਟ ਸਕਿੱਲਜ਼, ਕਰੀਅਰ ਵਿਕਾਸ, ਸ਼ਖ਼ਸੀਅਤ ਉਸਾਰੀ, ਪੇਸ਼ੇਵਰ ਸੰਚਾਰ ਅਤੇ ਰੁਜ਼ਗਾਰਯੋਗਤਾ ਆਦਿ ਵਿਸ਼ਿਆਂ ਬਾਰੇ ਸਹੀ ਸੇਧ ਦੇਣਾ ਸੀ। ਇਸ ਮੌਕੇ ਐਨ.ਐਲ.ਪੀ., ਬ੍ਰੇਨ ਜਿਮ ਟ੍ਰੇਨਰ ਅਤੇ ਏ.ਏ.ਏ. ਬ੍ਰਾਈਟ ਅਕੈਡਮੀ ਦੇ ਮੈਨੇਜਿੰਗ ਡਾਇਰੈਕਟਰ ਕਪਿਲ ਭਿਆਨਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਵਰਣਨਯੋਗ ਹੈ ਕਿ ਕਪਿਲ ਭਿਆਨਾ ਮੈਨੇਜਮੈਂਟ ਸਟੱਡੀਜ਼ ਵਿਭਾਗ ਦੇ ਸਾਬਕਾ ਵਿਦਿਆਰਥੀ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਾਂ ਪ੍ਰਬੰਧਨ ਲਈ ਜ਼ਰੂਰੀ ਰਣਨੀਤੀਆਂ, ਬੌਧਿਕ ਯੋਗਤਾ ਨੂੰ ਵਧਾਉਣ ਦੀਆਂ ਤਕਨੀਕਾਂ ਅਤੇ ਪੇਸ਼ੇਵਰ ਵਾਤਾਵਰਣ ਵਿੱਚ ਉੱਤਮਤਾ ਪ੍ਰਾਪਤ ਕਰਨ ਸਬੰਧੀ ਲੋੜੀਂਦੀਆਂ ਕੋਮਲ ਕਲਾਵਾਂ ਬਾਰੇ ਵਿਸਥਾਰ ਨਾਲ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਸਬੰਧੀ ਵੀ ਕੀਮਤੀ ਸੁਝਾਅ ਦਿੱਤੇ। ਇਸ ਉਪਰੰਤ ਇਕ ਇੰਟਰੈਕਟਿਵ ਪ੍ਰਸ਼ਨ-ਉੱਤਰ ਸੈਸ਼ਨ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਪੂਰੀ ਸਰਗਰਮੀ ਨਾਲ ਹਿੱਸਾ ਲਿਆ। ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਹਰਵੀਨ ਕੌਰ ਨੇ ਕਿਹਾ ਕਿ ਕਾਰਪੋਰੇਟ ਸੈਕਟਰਾਂ ਵੱਲੋਂ ਇਸ ਤਰ੍ਹਾਂ ਦੀ ਪ੍ਰੈਕਟੀਕਲ ਟਰੇਨਿੰਗ ਵਿਦਿਆਰਥੀਆਂ ਦਾ ਵਿਹਾਰਕ ਅਤੇ ਵਿਵਹਾਰਕ ਗਿਆਨ ਵਧਾਉਣ ਵਿੱਚ ਬਹੁਤ ਸਹਾਇਕ ਸਿੱਧ ਹੁੰਦੀ ਹੈ। ਮੈਨੇਜਮੈਂਟ ਸਟੱਡੀਜ਼ ਵਿਭਾਗ ਦੀ ਮੁਖੀ ਡਾ. ਕਮਲਪ੍ਰੀਤ ਕੌਰ ਨੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਅਜਿਹੀ ਸਿੱਖਿਆ ਭਰਪੂਰ ਵਰਕਸ਼ਾਪ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਕਾਲਜ ਦੇ ਪਲੇਸਮੈਂਟ ਅਫ਼ਸਰ ਡਾ. ਸੌਰਵ ਸ਼ਰਮਾ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਵਿਦਿਆਰਥੀਆਂ ਦੇ ਵਿਹਾਰਕ ਗਿਆਨ ਅਤੇ ਹੁਨਰ ਵਿਕਾਸ ਲਈ ਅਜਿਹੀ ਪ੍ਰੈਕਟੀਕਲ ਸਿਖਲਾਈ ਦੀ ਭੂਮਿਕਾ 'ਤੇ ਚਾਨਣਾ ਪਾਇਆ। ਇਸ ਮੌਕੇ ਮੈਨੇਜਮੈਂਟ ਸਟੱਡੀਜ਼ ਵਿਭਾਗ ਦੇ ਸਮੂਹ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਹਾਜ਼ਰ ਸਨ।