
ਤਲਵੰਡੀ ਸਾਬੋ, 13 ਅਪ੍ਰੈਲ 2025 : ਅੱਜ ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ਦੇ ਪਵਿੱਤਰ ਦਿਹਾੜੇ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੀ ਪਵਿੱਤਰ ਧਰਤੀ ‘ਤੇ ਵਿਸ਼ਾਲ ਕਾਨਫਰੰਸ ਕੀਤੀ ਗਈ । ਇਸ ਮੌਕੇ ਸੰਗਤ ਦਾ ਠਾਠਾਂ ਮਾਰਦਾ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪਾਰਟੀ ਵਰਕਰਾਂ ਨੇ ਫੈਸਲਾ ਕੀਤਾ ਹੈ ਕਿ ਉਹ 2027 ਵਿਚ ਅਕਾਲੀ ਦਲ ਨੂੰ ਮੁੜ ਸੱਤਾ ਵਿਚ ਲਿਆਂਦਾ ਜਾਵੇਗਾ ਅਤੇ ਸਪਸ਼ਟ ਕੀਤਾ ਕਿ ਇਕ ਵਾਰ ਅਜਿਹਾ ਹੋ ਗਿਆ ਤਾਂ ਪੰਜਾਬ ਵਿਚ ਕੋਈ ਗੈਂਗਸਟਰ ਜਾਂ ਨਸ਼ਾ ਤਸਕਰ ਨਹੀਂ ਰਹੇਗਾ ਤੇ ਸਰਕਾਰੀ ਨੌਕਰੀਆਂ ਸਿਰਫ ਪੰਜਾਬੀਆਂ ਨੂੰ ਹੀ ਦਿੱਤੀਆਂ ਜਾਣਗੀਆਂ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਪੰਜਾਬ ਨੂੰ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣ ਲਈ ਦ੍ਰਿੜ੍ਹ ਸੰਕਲਪ ਹਾਂ। ਉਹਨਾਂ ਕਿਹਾ ਕਿ ਮੈਂ ਸਮਾਜ ਭਲਾਈ ਸਕੀਮਾਂ ਸ਼ੁਰੂ ਕਰਾਂਗਾ ਅਤੇ ਕਮਜ਼ੋਰ ਵਰਗਾਂ ਨੂੰ ਰਾਹਤ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਮੈਂ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਵਾਸਤੇ ਵਚਨਬੱਧ ਹਾਂ। ਉਹਨਾਂ ਕਿਹਾ ਕਿ ਇਸੇ ਵਾਸਤੇ ਅਕਾਲੀ ਦਲ ’ਆਟਾ ਦਾਲ’ ਸਕੀਮ ਮੁੜ ਸ਼ੁਰੂ ਕਰੇਗਾ ਅਤੇ ਬੁਢਾਪਾ ਪੈਨਸ਼ਨ ਤੇ ਸ਼ਗਨ ਸਕੀਮ ਦੁੱਗਣੀ ਕੀਤੀ ਜਾਵੇਗੀ ਅਤੇ ਕਾਨੂੰਨ ਪਾਸ ਕਰ ਕੇ ਬਾਹਰਲਿਆਂ ਦੇ ਪੰਜਾਬ ਵਿਚ ਖੇਤੀਬਾੜੀ ਜ਼ਮੀਨ ਖਰੀਦਣ ’ਤੇ ਪਾਬੰਦੀ ਲਗਾਈ ਜਾਵੇਗੀ। ਹਜ਼ਾਰਾਂ ਪਾਰਟੀ ਵਰਕਰਾਂ ਵੱਲੋਂ ਜੈਕਾਰਿਆਂ ਦੀ ਗੂੰਜ ਵਿਚ ਸਰਦਾਰ ਬਾਦਲ ਨੇ ਦਮਦਾਰ ਭਾਸ਼ਣ ਦਿੱਤਾ ਅਤੇ ਪੰਥ ਨੂੰ ਏਕੇ ਲਈ ਜੋਸ਼ੀਲੀ ਅਪੀਲ ਵੀ ਕੀਤੀ। ਉਹਨਾਂ ਕਿਹਾ ਕਿ ਪੰਜਾਬ, ਪੰਜਾਬੀਅਤ ਅਤੇ ਖਾਲਸਾ ਪੰਥ ਦੇ ਹਿੱਤਾਂ ਵਾਸਤੇ ਸਾਰੇ ਅਕਾਲੀਆਂ ਨੂੰ ਪਾਰਟੀ ਵਿਚ ਵਾਪਸ ਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਪੰਜਾਬ ਨੂੰ ਕਾਂਗਰਸ ਤੇ ਆਮ ਆਦਮੀ ਪਾਰਟੀ (ਆਪ) ਦੀ ਲੁੱਟ ਤੋਂ ਬਚਾਇਆ ਜਾਵੇ ਅਤੇ ਅਕਾਲੀ ਦਲ ਵਿਚ ਵਿਸ਼ਵਾਸ ਪ੍ਰਗਟ ਕੀਤਾ ਜਾਵੇ ਜਿਸਨੇ ਹਮੇਸ਼ਾ ਆਪਣੇ ਵਾਅਦੇ ਪੂਰੇ ਕੀਤੇ। ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਪਾਰਟੀ ਦਾ ਨੁਕਸਾਨ ਕਰਨ ਵਾਸਤੇ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਅਤੇ ਸਿੱਖ ਸੰਸਥਾਵਾਂ ਦੀ ਸ਼ਾਖ਼ ਨੂੰ ਖੋਰਾ ਲਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸ੍ਰੀ ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਦਾ ਵਿਸਥਾਰ ਕਰ ਕੇ ਉਹਨਾਂ ਨੂੰ ਸਰਕਾਰੀ ਕੰਟਰੋਲ ਅਧੀਨ ਕਰ ਦਿੱਤਾ ਗਿਆ ਹੈ।ਉਹਨਾਂ ਜ਼ੋਰ ਦੇ ਕੇ ਦੱਸਿਆ ਕਿ ਜਦੋਂ ਅਕਾਲੀ ਦਲ ਨੇ ਐਨ ਡੀ ਏ ਛੱਡਿਆ ਤਾਂ ਇਹ ਸਭ ਕੁਝ ਸ਼ੁਰੂ ਹੋਇਆ। ਉਹਨਾਂ ਕਿਹਾ ਕਿ ਹਾਲ ਹੀ ਵਿਚ ਸਕਿਓਰਿਟੀ ਤੇ ਹੋਰ ਲਾਲਚ ਦੇ ਕੇ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਨੂੰ ਆਪਣੇ ਨਾਲ ਰਲਾਉਣ ਦੀ ਕੋਸ਼ਿਸ਼ ਕੀਤੀ ਗਈ। ਗਿਆਨੀ ਹਰਪ੍ਰੀਤ ਸਿੰਘ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਉਹਨਾਂ ਨੇ ਅਤੇ ਹੋਰਾਂ ਨੇ ਪੰਥ ਦੇ ਵੱਕਾਰ ਨੂੰ ਮਜ਼ਬੂਤ ਕਰਨ ਦੀ ਥਾਂ ਇਸਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਕਿਹਾ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਾ ਹਾਂ ਜਿਸਨੇ ਤਖ਼ਤ ਦਾ ਕੰਟਰੋਲ ਉਸ ਕੇਂਦਰ ਸਰਕਾਰ ਤੋਂ ਵਾਪਸ ਲੈ ਲਿਆ ਜਿਸਨੇ ਜਥੇਦਾਰਾਂ ’ਤੇ ਸਿੱਖ ਕੌਮ ਖਿਲਾਫ ਸਟੈਂਡ ਲੈਣ ਲਈ ਦਬਾਅ ਬਣਾਇਆ।ਸਰਦਾਰ ਬਾਦਲ ਨੇ ਕਿਹਾ ਅਕਾਲੀ ਦਲ ਪੰਜਾਬ ਦਾ ਅਸਲ ਵਾਰਿਸ ਹੈ। ਉਹਨਾਂ ਕਿਹਾ ਕਿ ਪਾਰਟੀ ਨੇ ਹੀ ਸੂਬੇ ਦਾ ਤੇਜ਼ ਰਫ਼ਤਾਰ ਵਿਕਾਸ ਕਰਵਾਇਆ ਅਤੇ ਥਰਮਲ ਪਲਾਂਟ, ਸੜਕ ਤੇ ਹਵਾਈ ਅੱਡੇ ਬਣਾਏ, ਸਿੰਜਾਈ ਸਹੂਲਤਾਂ ਸ਼ੁਰੂ ਕੀਤੀਆਂ, ਕਣਕ ਤੇ ਝੋਨੇ ਲਈ ਐਮ ਐਸ ਪੀ ਲਿਆਂਦੀ, ਆਟਾ ਦਾਲ, ਬੁਢਾਪਾ ਪੈਨਸ਼ਨ ਤੇ ਸ਼ਗਨ ਸਕੀਮ ਵਰਗੀਆਂ ਸਮਾਜ ਭਲਾਈ ਸਕੀਮਾਂ ਸ਼ੁਰੂ ਕੀਤੀਆਂ। ਬਾਦਲ ਨੇ ਪੰਜਾਬੀਆਂ ਨਾਲ ਧੋਖਾ ਕਰਨ ’ਤੇ ਆਪ ਸਰਕਾਰ ਦੀ ਵੀ ਸਖ਼ਤ ਨਿਖੇਧੀ ਕੀਤੀ। ਉਹਨਾਂ ਸਵਾਲ ਕੀਤਾ ਕਿ ਔਰਤਾਂ ਨੂੰ ਹਰ ਮਹੀਨੇ 1100 ਰੁਪਏ, ਪੈਨਸ਼ਨ ਦੇ 2500 ਰੁਪਏ ਅਤੇ ਸਾਰੀਆਂ 22 ਫਸਲਾਂ ’ਤੇ ਐਮ ਐਸ ਪੀ ਅਤੇ ਨਸ਼ਾ ਮੁਕਤ ਪੰਜਾਬ ਕਿਥੇ ਹਨ ? ਉਹਨਾਂ ਕਿਹਾ ਕਿ ਬਜਾਏ ਇਹ ਸਾਰੇ ਵਾਅਦੇ ਪੂਰੇ ਕਰਨ ਦੇ ਆਪ ਪੰਜਾਬ ਨੂੰ ਲੁੱਟ ਰਹੀ ਹੈ ਤੇ ਅਰਵਿੰਦ ਕੇਜਰੀਵਾਲ ਅਸਿੱਧੇ ਤੌਰ ’ਤੇ ਮੁੱਖ ਮੰਤਰੀ ਬਣ ਗਏ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਗਏ ਹਨ ਜਿਸ ਕਾਰਣ ਗੈਂਗਸਟਰ ਸੂਬਾ ਚਲਾ ਰਹੇ ਹਨ ਅਤੇ ਗ੍ਰਨੇਡ ਹਮਲੇ ਆਮ ਹੋ ਗਏ ਹਨ।ਇਸ ਮੌਕੇ ਅਕਾਲੀ ਦਲ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੂਬੇ ਦੇ ਮੁੜ ਨਿਰਮਾਣ ਵਾਸਤੇ ਉਹ ਅਕਾਲੀ ਦਲ ਦੀ ਹਮਾਇਤ ਕਰਨ। ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅਕਾਲੀ ਦਲ ਦੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਮਤਭੇਦ ਭੁਲਾ ਕੇ ਆਪਣੀ ਮਾਂ ਪਾਰਟੀ ਦੀ ਹਮਾਇਤ ਕਰਨ।ਇਸ ਮੌਕੇ ਸੀਨੀਅਰ ਆਗੂ ਪਰਮਜੀਤ ਸਿੰਘ ਸਰਨਾ, ਡਾ. ਦਲਜੀਤ ਸਿੰਘ ਚੀਮਾ, ਹਰਗੋਬਿੰਦ ਕੌਰ, ਸਰਬਜੀਤ ਸਿੰਘ ਝਿੰਜਰ, ਤੇਜਿੰਦਰ ਸਿੰਘ ਮਿੱਡੂਖੇੜਾ ਅਤੇ ਰਵੀਪ੍ਰੀਤ ਸਿੰਘ ਸਿੱਧੂ ਨੇ ਵੀ ਸੰਬੋਧਨ ਕੀਤਾ।