ਫ਼ਤਹਿਗੜ੍ਹ ਸਾਹਿਬ, 30 ਦਸੰਬਰ : ਜ਼ਿਲ੍ਹੇ ਦੀ ਸਬ ਡਵੀਜ਼ਨ ਖਮਾਣੋਂ ਦੇ ਸੰਘੋਲ ਵਿਖੇ ਪੰਜਾਬ ਐਗਰੋ ਵੱਲੋਂ ਪ੍ਰੋਸੈਸਿੰਗ ਮਿਲ ਆਰਗੈਨਿਕ ਰਾਈਸ ਫਲੋਰ ਜੋ ਕਿ ਦੇਸ਼ ਦਾ ਦੂਜਾ ਜੈਵਿਕ ਖੇਤੀ ਪ੍ਰੋਸੈਸਿੰਗ ਪ੍ਰੋਜੈਕਟ ਹੈ, ਨੂੰ ਸ਼ਿਆਮਾ ਪ੍ਰਸ਼ਾਦ ਮੁਖਰਜੀ ਰੂ-ਅਰਬਨ ਮਿਸ਼ਨ ਤਹਿਤ 04 ਕਰੋੜ 37 ਲੱਖ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। ਇਸ ਪ੍ਰੋਜੈਕਟ ਦਾ ਉਦਘਾਟਨ ਬੀਤੇ ਦਿਨੀਂ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕੀਤਾ ਹੈ। ਇਸ ਮੌਕੇ ਕੈਬਨਿਟ ਮੰਤਰੀ ਨੇ ਭਰੋਸਾ ਦਿੱਤਾ ਸੀ ਕਿ ਅਜਿਹੇ ਪ੍ਰੋਜੈਕਟ ਲਗਾਉਣ ਨਾਲ ਜੈਵਿਕ ਖੇਤੀ ਨੂੰ ਬੜਾਵਾ ਮਿਲੇਗਾ ਅਤੇ ਆਮ ਲੋਕਾਂ ਨੂੰ ਜਹਿਰਾਂ ਰਹਿਤ ਖਾਣ ਪੀਣ ਦੀਆਂ ਵਸਤਾਂ ਉਪਲਬਧ ਹੋ ਸਕਣਗੀਆਂ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਅੰਦਰ ਜੈਵਿਕ ਖੇਤੀ ਬਹੁਤ ਜਰੂਰੀ ਅਤੇ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਜਿਸ ਤੇਜੀ ਨਾਲ ਖੇਤੀ ਅੰਦਰ ਕੀਟਨਾਸਕਾਂ ਤੇ ਰਸਾਇਣਾਂ ਦੀ ਅੰਨੇਵਾਹ ਵਰਤੋਂ ਕੀਤੀ ਜਾ ਰਹੀ ਹੈ ਉਸ ਨਾਲ ਮਨੁੱਖੀ ਸਿਹਤ ਨੂੰ ਕਈ ਤਰ੍ਹਾਂ ਦੀਆਂ ਖ਼ਤਰਨਾਕ ਬਿਮਾਰੀਆਂ ਲੱਗਣ ਦਾ ਖਤਰਾ ਬਣਿਆਂ ਰਹਿੰਦਾ ਹੈ ਅਤੇ ਜੈਵਿਕ ਖੇਤੀ ਕਰਕੇ ਹੀ ਮਨੁੱਖੀ ਤੰਦਰੁਸਤੀ ਨੂੰ ਕਾਇਮ ਰੱਖਿਆ ਜਾ ਸਕਦਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਸੰਘੋਲ ਦੀ ਧਰਤੀ ਤੇ ਦੇਸ਼ ਦਾ ਇਹ ਦੂਜਾ ਯੂਨਿਟ ਹੈ ਇਸ ਨਾਲ ਸੂਬੇ ਦੇ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਕਾਫੀ ਲਾਭ ਮਿਲੇਗਾ। ਕਣਕ ਤੇ ਚਾਵਲ ਦਾ ਪ੍ਰੋਜੈਕਟ ਤਿਆਰ ਹੈ। ਜਦੋਂ ਕਿ ਦਾਲਾਂ ਤੋਂ ਇਲਾਵਾ ਛੋਟੀਆਂ ਚੱਕੀਆਂ ਵੀ ਲਗਾਈਆਂ ਜਾਣਗੀਆਂ। ਇਸ ਤੋਂ ਕੋਲਡ ਪ੍ਰੈਸ ਤੇਲ ਵੀ ਤਿਆਰ ਕੀਤਾ ਜਾਵੇਗਾ ਅਤੇ ਇਸ ਪ੍ਰੋਜੈਕਟ ਦੀ ਜੈਵਿਕ ਦੀ ਪ੍ਰਮਾਣਤਾ ਹਾਸਲ ਹੋ ਚੁੱਕੀ ਹੈ। ਇਹ ਪ੍ਰੋਜੈਕਟ ਪ੍ਰਤੀ ਘੰਟੇ ਦੋ ਟਨ ਆਟਾ ਤੇ ਦੋ ਟਨ ਚਾਵਲ ਤਿਆਰ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਛੇਤੀ ਹੀ ਕੇਂਦਰ ਸਰਕਾਰ ਨਾਲ ਗੱਲ ਕਰਕੇ ਅਜਿਹੇ ਯੂਨਿਟ ਪੰਜਾਬ ਅੰਦਰ ਹੋਰ ਲਗਾਉਣ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਜੈਵਿਕ ਖੇਤੀ ਨੂੰ ਉਤਸਾਹਤ ਕਰਨ ਲਈ ਅਜਿਹੇ ਪ੍ਰੋਜੈਕਟ ਲਗਾਉਣੇ ਬਹੁਤ ਜਰੂਰੀ ਹਨ। ਉਨ੍ਹਾਂ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਸੂਬੇ ਦੇ ਸਭ ਤੋਂ ਵੱਧ ਜੈਵਿਕ ਖੇਤੀ ਕਰਨ ਵਾਲੇ ਕਿਸਾਨ ਹਨ। ਉਨ੍ਹਾਂ ਦੀ ਫਸਲ ਦਾ ਸਹੀ ਭਾਅ ਮਿਲਣ ਨਾਲ ਜੈਵਿਕ ਖੇਤੀ ਨੂੰ ਹੋਰ ਬੜਾਵਾ ਮਿਲੇਗਾ ਅਤੇ ਸੂਬਾ ਸਰਕਾਰ ਇਸ ਵੱਲ ਪੂਰੀ ਗੰਭੀਰਤਾ ਨਾਲ ਕੰਮ ਕਰ ਰਹੀ ਹੈ।