
ਸ੍ਰੀ ਫ਼ਤਹਿਗੜ੍ਹ ਸਾਹਿਬ, 20 ਫਰਵਰੀ (ਹਰਪ੍ਰੀਤ ਸਿੰਘ ਗੁੱਜਰਵਾਲ ) : ਮਾਤਾ ਗੁਜਰੀ ਕਾਲਜ ਵਿਖੇ ਕਾਲਜ ਦੀ ਸਾਲਾਨਾ ਕਨਵੋਕੇਸ਼ਨ 22 ਫਰਵਰੀ ਨੂੰ ਸਵੇਰੇ 10 ਵਜੇ ਕਾਲਜ ਦੇ ਭਾਈ ਨੰਦ ਲਾਲ ਆਡੀਟੋਰੀਅਮ ਵਿਖੇ ਆਯੋਜਿਤ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਦੱਸਿਆ ਕਿ ਕਾਲਜ ਵਿਖੇ 22 ਫਰਵਰੀ ਦਿਨ ਸ਼ਨੀਵਾਰ ਨੂੰ ਕਾਲਜ ਗਵਰਨਿੰਗ ਬਾਡੀ ਦੇ ਸਕੱਤਰ ਸ੍ਰ. ਜਗਦੀਪ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਸਾਲਾਨਾ ਕਨਵੋਕੇਸ਼ਨ ਕਰਵਾਈ ਜਾ ਰਹੀ ਹੈ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਸਕੱਤਰ ਵਿੱਦਿਆ ਇੰਜੀਨੀਅਰ ਸ੍ਰ. ਸੁਖਮਿੰਦਰ ਸਿੰਘ ਸੈਸ਼ਨ 2021-2022 ਵਿੱਚ ਪਾਸ ਹੋਏ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨਗੇ। ਕਾਲਜ ਦੇ ਕੰਟਰੋਲਰ ਪ੍ਰੀਖਿਆਵਾਂ ਡਾ. ਹਰਜੀਤ ਸਿੰਘ ਨੇ ਦੱਸਿਆ ਕਿ ਇਸ ਕਨਵੋਕੇਸ਼ਨ ਸਮਾਗਮ ਦੌਰਾਨ ਮਈ 2022 ਵਿੱਚ ਪੋਸਟ ਗਰੈਜੂਏਟ ਅਤੇ ਅੰਡਰ ਗਰੈਜੂਏਟ ਕੋਰਸ ਪਾਸ ਕਰਨ ਵਾਲੇ ਕੁੱਲ 1147 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਜਾਣਗੀਆਂ ਅਤੇ 30 ਹੋਣਹਾਰ ਵਿਦਿਆਰਥੀਆਂ ਨੂੰ ਗੋਲਡ ਮੈਡਲ ਪ੍ਰਦਾਨ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਮਾਤਾ ਗੁਜਰੀ ਕਾਲਜ ਇਕ ਮਹਾਨ ਸਿੱਖਿਆ ਸੰਸਥਾ ਹੈ ਜਿਸ ਨੂੰ ਨੈਕ ਵੱਲੋਂ ਲਗਾਤਾਰ ਤਿੰਨ ਵਾਰ ਏ ਗਰੇਡ, ਅਟੌਨੋਮਸ ਸਟੇਟਸ, ਪੰਜਾਬ ਸਟੇਟ ਕਾਉਂਸਲ ਫਾਰ ਐਗਰੀਕਲਚਰ ਐਜੂਕੇਸ਼ਨ ਵੱਲੋਂ ਮਾਨਤਾ, ਵਿਗਿਆਨ ਅਤੇ ਤਕਨਾਲੋਜੀ ਮੰਤਰਾਲਾ ਭਾਰਤ ਸਰਕਾਰ ਵੱਲੋਂ ਸਟਾਰ ਸਟੇਟਸ ਦੀ ਮਾਨਤਾ ਅਤੇ ਪੋਟੈਂਸ਼ਲ ਫ਼ਾਰ ਐਕਸੀਲੈਂਸ ਵਰਗੇ ਅਨੇਕਾਂ ਮਾਨ-ਸਨਮਾਨ ਹਾਸਲ ਕੀਤੇ ਹਨ। ਇਸ ਤੋਂ ਇਲਾਵਾ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕਾਲਜ ਅੰਤਰਖੇਤਰੀ ਅਤੇ ਖੇਤਰੀ ਯੁਵਕ ਮੇਲਿਆਂ ਤੇ ਲੋਕ ਮੇਲਿਆਂ ਦੀ ਓਵਰਆਲ ਟਰਾਫ਼ੀ ਜਿੱਤ ਕੇ ਆਪਣੀ ਪ੍ਰਤਿਭਾ ਦਾ ਲੋਹਾ ਵੀ ਮਨਵਾਉਂਦਾ ਆ ਰਿਹਾ ਹੈ।