ਅਕਾਲੀ ਦਲ ਕਿਸੇ ਵੀ ਨਿੱਜੀ ਲਾਲਚ ਜਾਂ ਸਵਾਰਥ ਕਰਕੇ ਆਪਣੇ ਸਿਧਾਤਾਂ ਤੋਂ ਲਾਂਭੇ ਜਾਣ ਬਾਰੇ ਕਦੇ ਸੋਚ ਵੀ ਨਹੀਂ ਸਕਦਾ : ਚੰਦੂਮਾਜਰਾ

ਮੋਰਿੰਡਾ, 29 ਮਾਰਚ : ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਨਿੱਜੀ ਲਾਲਚ ਜਾਂ ਸਵਾਰਥ ਕਰਕੇ ਆਪਣੇ ਸਿਧਾਤਾਂ ਤੋਂ ਲਾਂਭੇ ਜਾਣ ਬਾਰੇ ਕਦੇ ਸੋਚ ਵੀ ਨਹੀਂ ਸਕਦਾ। ਇਸੇ ਲਈ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲ ਗਠਜੋੜ ਨਾ ਕਰਕੇ ਸੱਤਾ ਨਾਲੋਂ ਸਿਧਾਤਾਂ ਨੂੰ ਪਹਿਲ ਦਿੱਤੀ ਹੈ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਹਲਕਾ ਇੰਚਾਰਜ਼ ਕਰਨ ਸਿੰਘ ਡੀਟੀਓ ਦੀ ਅਗਵਾਈ ਵਿੱਚ ਪਿੰਡ ਕਾਈਨੌਰ ਵਿਖੇ ਹੋਈ ਇੱਕ ਭਰਵੀਂ ਮੀਟਿੰਗ ਦੌਰਾਨ ਜੁੜੇ ਅਕਾਲੀ ਆਗੂਆਂ ਅਤੇ ਵਰਕਰਾਂ ਤੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤ। ਪ੍ਰੋ. ਚੰਦੂਮਾਜਰਾ ਨੇ ਕਿਹਾ  ਕਿ ਇਸ ਵਾਰੀ ਲੋਕ ਸਭਾ ਚੋਣਾਂ ਦੀ ਸਥਿਤੀ ਹਿੰਦ-ਪੰਜਾਬ ਦੇ ਜੰਗ-ਏ-ਮੈਦਾਨ ਵਰਗੀ ਹੋਵੇਗੀ। ਉਨ੍ਹਾਂ ਆਖਿਆ ਕਿ ਇੱਕ ਪਾਸੇ ਪੰਜਾਬ ਦੇ ਹੱਕਾਂ ਅਤੇ ਹਿੱਤਾਂ ਦੀ ਪਹਿਰੇਦਾਰ  ਇਕਲੌਤੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਦਿੱਲੀ ਦੇ ਰਿਮੋਟ ਕੰਟਰੋਲ ਨਾਲ ਚੱਲਣ ਵਾਲੀਆਂ ਪਾਰਟੀਆਂ ਨਾਲ ਟੱਕਰ ਦਾ ਮੁਕਾਬਲਾ ਹੋਵੇਗਾ । ਉਨਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦ ਵੀ ਦਿੱਲੀ ਨੇ ਪੰਜਾਬੀਆਂ ਨੂੰ  ਵੰਗਾਰਿਆ ਹੈ ਤਾਂ ਪੰਜਾਬ ਦੇ ਜਾਇਆਂ ਨੇ ਆਪਣੀ ਅਣਖ ਕਾਇਮ ਰੱਖਦਿਆਂ ਜਬਰ ਦਾ ਡੱਟ ਕੇ ਟਾਕਰਾ ਕੀਤਾ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਵਾਰੀ ਸੱਤਾ ਬੇਗਾਨਿਆਂ ਹੱਥ ਸੌਂਪ ਕੇ ਦੂਜੀ ਵਾਰ ਧੋਖਾ ਨਹੀਂ ਖਾਣਗੇ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਪੰਥ ਅਤੇ ਪੰਜਾਬ ਦੇ ਹਿੱਤਾਂ ਦੀ ਹਮੇਸ਼ਾ ਤਰਜ਼ਮਾਨੀ ਕਰਦਾ ਰਹੇਗਾ। ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਆਖਿਆ ਹਮੇਸ਼ਾ ਹੀ ਦਿੱਲੀ ਦੀਆੰ ਸਰਕਾਰਾਂ ਨੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ। ਉਨ੍ਹਾਂ ਆਖਿਆ ਕਿ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆੰ ਅਤੇ ਲਹੂ ਡੋਲ੍ਹਣ ਵਾਲੇ ਪੰਜਾਬ ਨੂੰ ਹਮੇਸ਼ਾਂ ਹੀ ਕੇਂਦਰ ਦੇ ਮਾੜ੍ਹੇ ਰਵੱਈਏ ਦਾ ਸਾਹਮਣਾ ਕਰਨਾ ਪਿਆ। ਜਿਸ ਵਿੱਚ ਪੰਜਾਬ ਨਾਲ  ਦਰਿਆਈ ਪਾਣੀਆਂ ਦੀ ਵੰਡ, ਪੰਜਾਬੀ ਬੋਲਦੇ ਇਲਾਕੇ ਅਤੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦਾ ਅਹਿਮ ਮਸਲਾ ਹੈ। ਜਿਸ ਪ੍ਰਤੀ ਕੇਂਦਰ ਦੀ ਕਿਸੇ ਵੀ ਧਿਰ ਵੱਲੋਂ ਨਿਰਪੱਖ ਜਾਂ ਸਾਰਥਕ ਪਹੁੰਚ ਬਣਾ ਕੇ ਪੰਜਾਬ ਦੇ ਮਸਲੇ ਹੱਲ ਨਹੀਂ ਕਰਵਾਏ ਗਏ। ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਪਿਛਲੇ ਦੋ ਸਾਲਾਂ ਤੋਂ ਪੰਜਾਬ ਤੇ ਕਾਬਜ਼ ਕਮਜ਼ੋਰ ਸੱਤਾਧਾਰੀਆਂ ਨੇ ਦਿੱਲੀ ਨੂੰ ਅਨਿਆਂ ਅਤੇ ਧੱਕਾ ਕਰਨ ਲਈ ਰਾਹ ਪੱਧਰਾ ਕੀਤਾ। ਜਿਸ ਕਰਕੇ ਸੂਬੇ ਦੇ ਹੱਥੋਂ ਭਾਖੜਾ-ਬਿਆਸ ਮੈਨੇਜਮੈਂਟ ਬੋਰਡ ਦੀ ਸਥਾਈ ਮੈਂਬਰਸ਼ਿਪ ਅਤੇ ਦਿਹਾਤੀ ਵਿਕਾਸ ਫ਼ੰਡਾਂ ਆਦਿ ਦਾ ਵੱਡਾ ਨੁਕਸਾਨ ਝੱਲਣਾ ਪਿਆ ਹੈ। ਉਨ੍ਹਾਂ ਆਖਿਆ ਕਿ ਕੇਂਦਰ ਦੀ ਅਜਿਹੀ ਧੱਕੇ਼ਸ਼ਾਹੀ ਖਿਲਾਫ਼ ਵਿਰੋਧੀ ਧਿਰ ਅਤੇ ਸੱਤਾਧਿਰ ਦੋਵਾਂ ਚੋਂ ਕਿਸੇ ਨੇ ਵੀ ਰੋਸ ਦਰਜ ਨਹੀਂ ਕਰਵਾਇਆ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਪੰਜਾਬ ਦੀ ਵਿਰੋਧੀ ਧਿਰ ਦਾ ਸੱਤਾਧਾਰੀਆਂ ਨਾਲ ਅੰਦਰ ਖਾਤੇ ਹੋਏ ਸਮਝੌਤੇ ਨੇ ਸੂਬਾ ਸਰਕਾਰ ਨੂੰ ਖੁੱਲ੍ਹੀ ਖੇਡ ਖੇਡਣ ਅਤੇ ਮਨਮਰਜ਼ੀ ਕਰਨ ਦਾ ਮੌਕਾ ਦਿੱਤਾ। ਅਖੀਰ ‘ਚ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਮੂਹ ਪੰਜਾਬੀਆਂ ਅਤੇ ਪੰਥ ਦੇ ਏਕੇ ਦੀ ਉਮੀਦ ਨੇ ਲੋਕ ਸਭਾ ਚੋਣਾਂ ਲੜ੍ਹਨ ਲਈ ਮੈਦਾਨ ‘ਚ ਉਤਾਰਿਆ ਹੈ। ਉਨ੍ਹਾਂ ਆਖਿਆ ਕਿ ਸਾਨੂੰ ਵਿਸ਼ਵਾਸ ਹੈ ਕਿ ਪੰਜਾਬ ਅਤੇ ਪੰਥਕ ਹਿੱਤਾਂ ਦੀ ਰਖਵਾਲੀ ਲਈ ਸੂਬੇ ਦੇ ਲੋਕਾਂ ਦਾ ਸਹਿਯੋਗ ਅਕਾਲੀ ਦਲ ਨੂੰ ਵੱਡੀ ਜਿੱਤ ਹਾਸਿਲ ਕਰਵਾਏਗਾ। ਇਸ ਮੌਕੇ ਚਮਕੌਰ ਸਾਹਿਬ ਤੋਂ ਹਲਕਾ ਇੰਚਾਰਜ਼ ਕਰਨ ਸਿੰਘ ਡੀਟੀਓ, ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਜਸਵੀਰ ਸਿੰਘ ਜੱਸੀ, ਸਿਮਰਨਜੀਤ ਸਿੰਘ ਚੰਦੂਮਾਜਰਾ, ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਜੁਝਾਰ ਸਿੰਘ ਮਾਵੀ, ਬਹਾਦਰ ਸਿੰਘ ਕਾਈਨੌਰ, ਜੁਗਰਾਜ ਸਿੰਘ ਮਾਨਖੇਡ਼ੀ,ਗੁਰਚਰਨ ਸਿੰਘ ਸਾਬਕਾ ਸਰਪੰਚ ਧਨੋਰੀ, ਦਿਲਬਾਗ ਸਿੰਘ ਸਰਪੰਚ ਧਨੋਰੀ, ਕੁਲਬੀਰ ਸਿੰਘ, ਹਰਪ੍ਰੀਤ ਸਿੰਘ ਬਸੰਤ, ਨਰਿੰਦਰ ਸਿੰਘ ਮਾਵੀ, ਜਗਵਿੰਦਰ ਸਿੰਘ ਪੰਮੀ , ਅਮਰਿੰਦਰ ਸਿੰਘ ਹੈਲੀ, ਹਰਦੀਪ ਸਿੰਘ ਨੰਬਰਦਾਰ, ਤਰਲੋਚਨ ਸਿੰਘ, ਗੁਰਦੇਵ ਸਿੰਘ ਅਕਾਲੀ ਲੀਡਰ ਅਤੇ  ਵਰਕਰ ਮੌਜੂਦ ਸਨ।