- 13ਵੇਂ ਏ.ਐਫ.ਪੀ.ਆਈ. ਕੋਰਸ ਲਈ 15 ਜਨਵਰੀ ਨੂੰ ਹੋਵੇਗੀ ਲਿਖਤੀ ਪ੍ਰੀਖਿਆ
- ਨੈਸ਼ਨਲ ਡਿਫੈਂਸ ਅਕੈਡਮੀ 'ਚ ਸ਼ਾਮਲ ਹੋਣ ਦੇ ਚਾਹਵਾਨ ਨੌਜਵਾਨ ਵੱਧ ਚੜ੍ਹਕੇ ਲੈਣ ਹਿੱਸਾ - ਵਧੀਕ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ
ਲੁਧਿਆਣਾ, 30 ਦਸੰਬਰ : ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਮੋਹਾਲੀ ਵਿਖੇ ਅਪ੍ਰੈਲ 2023 ਵਿੱਚ ਸ਼ੁਰੂ ਹੋਣ ਵਾਲੇ 13ਵੇਂ ਏ.ਐਫ.ਪੀ.ਆਈ. ਕੋਰਸ ਲਈ ਚਾਹਵਾਨ ੳਮੀਦਵਾਰ ਦਾਖਲਾ ਲੈ ਸਕਦੇ ਹਨ। ਇਹ ਸੰਸਥਾ ਪੰਜਾਬ ਸਰਕਾਰ ਦੁਆਰਾ ਸਥਾਪਿਤ ਕੀਤੀ ਗਈ ਹੈ ਜਿੱਥੇ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਸ਼ਾਮਲ ਹੋਣ ਲਈ ਸੂਬੇ ਦੇ ਚੁਣੇ ਹੋਏ ਨੌਜਵਾਨ ਲੜਕਿਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਵਧੀਕ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਪੰਚਾਲ ਨੇ ਅੱਗੇ ਦੱਸਿਆ ਕਿ ਇਸ ਸੰਸਥਾ ਵਿੱਚ 11ਵੀਂ ਅਤੇ 12ਵੀਂ ਪੱਧਰ ਦਾ ਦੋ ਸਾਲਾ ਕੋਰਸ ਕਰਵਾਇਆ ਜਾਵੇਗਾ ਜਿਸ ਲਈ ਉਮੀਦਵਾਰ ਪੰਜਾਬ ਦਾ ਨਿਵਾਸੀ ਹੋਵੇ, 10ਵੀਂ ਜਮਾਤ ਵਿੱਚ ਪੜ੍ਹਦਾ ਹੋਵੇ, ਐਨ.ਡੀ.ਏ. 'ਚ ਸ਼ਾਮਲ ਹੋਣ ਦੀ ਰੂਚੀ ਰੱਖਦਾ ਹੋਵੇ ਅਤੇ ਉਮੀਦਵਾਰ ਦਾ ਜਨਮ 02 ਜੁਲਾਈ, 2006 ਤੋਂ ਪਹਿਲਾਂ ਦਾ ਨਹੀਂ ਹੋਣਾ ਚਾਹੀਦਾ। ਉਨ੍ਹਾਂ ਦੱਸਿਆ ਕਿ ਦਾਖਲਾ ਪ੍ਰਕਿਰਿਆ ਲਈ 15 ਜਨਵਰੀ, 2023 ਨੂੰ ਲਿਖਤੀ ਪ੍ਰੀਖਿਆ ਹੋਵੇਗੀ, ਚੁਣੇ ਗਏ ਉਮੀਦਵਾਰਾਂ ਨੂੰ ਫਰਵਰੀ-ਮਾਰਚ, 2023 ਵਿੱਚ ਇੰਟਰਵਿਊ ਅਤੇ ਸੰਚਾਰ ਹੁਨਰ ਟੈਸਟ ਲਈ ਬੁਲਾਇਆ ਜਾਵੇਗਾ ਅਤੇ ਇੰਟਰਵਿਊ ਅਤੇ ਸੰਚਾਰ ਹੁਨਰ ਵਿੱਚ ਸਫਲ ਉਮੀਦਵਾਰਾਂ ਦੀ ਡਾਕਟਰੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮੈਰਿਟ ਦੇ ਕ੍ਰਮ ਅਨੁਸਾਰ ਪਹਿਲੇ 48 ਉਮੀਦਵਾਰਾਂ ਨੂੰ ਅਪ੍ਰੈਲ, 2023 ਵਿੱਚ ਸੰਸਥਾ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਚੁਣੇ ਗਏ ਸਾਰੇ ਕੈਡਿਟ ਮੋਹਾਲੀ ਦੇ ਇੱਕ ਚੰਗੇ ਸਕੂਲ ਵਿੱਚ ਕੰਪਿਊਟਰ ਸਾਇੰਸ /ਸਰੀਰਕ ਸਿੱਖਿਆ, ਸਰੀਰਕ ਤੰਦਰੁਸਤੀ, ਖੇਡਾਂ, ਤੈਰਾਕੀ, ਫਾਇਰਿੰਗ ਅਤੇ ਡ੍ਰਿਲ ਨਾਲ ਨਾਨ-ਮੈਡੀਕਲ ਸਟ੍ਰੀਮ ਦਾ ਅਧਿਐਨ ਕਰਨਗੇ। ਉਨ੍ਹਾਂ ਦੱਸਿਆ ਕਿ ਕੈਡੇਟਸ ਲਈ ਨਿੱਜੀ ਕਮਰਿਆਂ ਅਤੇ ਅਟੈਚਡ ਬਾਥਰੂਮਾਂ ਵਾਲਾ ਹੋਸਟਲ, ਕੈਡੇਟਸ ਮੈਸ, ਕਲਾਸ ਰੂਮ, ਆਡੀਟੋਰੀਅਮ, ਲਾਇਬ੍ਰੇਰੀ, ਸਾਈਬਰ-ਕੈਫੇ, ਟੱਕ ਸ਼ਾਪ, ਇਨਡੋਰ ਸ਼ੂਟਿੰਗ ਰੇਂਜ ਤੋਂ ਇਲਾਵਾ ਐਸ.ਐਸ.ਬੀ. ਸਿਖਲਾਈ ਅਤੇ ਸਰੀਰਕ ਸਿਖਲਾਈ ਲਈ ਸੰਪੂਰਨ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾਵੇਗਾ ਜਿਸ ਵਿੱਚ ਅਤਿ ਆਧੁਨਿਕ ਜਿਮਨੇਜ਼ੀਅਮ ਵੀ ਸ਼ਾਮਲ ਹੈ। ਕੈਡੇਟਸ ਲਈ ਖੇਡ ਮੈਦਾਨ ਵੀ ਉਪਲੱਬਧ ਹੋਣਗੇ ਜਿਨ੍ਹਾਂ ਵਿੱਚ ਹਾਕੀ, ਫੁੱਟਬਾਲ, ਵਾਲੀਬਾਲ, ਸਿੰਥੈਟਿਕ ਬਾਸਕਟਬਾਲ ਕੋਰਟ, ਜੌਗਿੰਗ ਟ੍ਰੈਕ, ਸਕੁਐਸ਼ ਕੋਰਟ, ਸਿੰਥੈਟਿਕ ਟੈਨਿਸ ਕੋਰਟ, 25 ਮੀਟਰ ਸਵੀਮਿੰਗ ਪੂਲ ਸ਼ਾਮਲ ਹਨ। ਬੋਰਡਿੰਗ, ਰਿਹਾਇਸ਼, ਮੈਸਿੰਗ ਅਤੇ ਯੂਨੀਫਾਰਮ ਤੋਂ ਇਲਾਵਾ ਏ.ਐਫ.ਪੀ.ਆਈ. ਵਿਖੇ ਸਾਰੀ ਸਿਖਲਾਈ ਮੁਫ਼ਤ ਦਿੱਤੀ ਜਾਵੇਗੀ। ਕੈਡਿਟ ਪਾਸੋਂ ਸਿਰਫ ਸਾਲਾਨਾ ਕਰੀਬ 50 ਹਜ਼ਾਰ ਰੁਪਏ ਸਕੂਲ ਫੀਸ ਹੀ ਲਈ ਜਾਵੇਗੀ ਜੋ ਤਿੰਨ ਕਿਸ਼ਤਾਂ ਵਿੱਚ ਅਦਾ ਕੀਤੀ ਜਾ ਸਕਦੀ ਹੈ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀ ਅਮਿਤ ਕੁਮਾਰ ਪੰਚਾਲ ਵਲੋਂ ਚਾਹਵਾਨ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਏ.ਐਫ.ਪੀ.ਆਈ. ਕੋਰਸ ਲਈ ਵੱਧ ਚੜ੍ਹ ਕੇ ਦਾਖਲਾ ਲਿਆ ਜਾਵੇ ਤਾਂ ਜੋ ਕੈਡੇਟਸ ਸਫਲ ਹੋ ਕੇ ਆਪਣੇ ਮਾਪਿਆਂ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ। ਵਧੇਰੇ ਜਾਣਕਾਰੀ ਲਈ ਵੈਬਸਾਈਟ www.AFPIPUNJAB.COM 'ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।