ਲੁਧਿਆਣਾ, 26 ਦਸੰਬਰ : (ਰਘਵੀਰ ਸਿੰਘ ਜੱਗਾ) :ਪੰਜਾਬੀ ਲੋਕ ਸੰਗੀਤ ਵਿੱਚੋਂ ਕਿਸੇ ਵਕਤ ਇਤਿਹਾਸ ਬੋਲਦਾ ਸੀ, ਕੌਮੀ ਚਰਿੱਤਰ ਉਸਾਰੀ ਤੇ ਧਰਤੀ ਦੀ ਮਰਯਾਦਾ ਬੋਲਦੀ ਸੀ ਪਰ ਹੁਣ ਸਿਰਫ਼ ਸਰਮਾਇਆ ਬੋਲਦਾ ਹੈ। ਸੁਰੀਲੇ ਤੋਂ ਸੁਰੀਲੇ ਗਾਇਕਾਂ ਦੀ ਵੀ ਬਾਜ਼ਾਰ ਵਿੱਚ ਉਹ ਵੁੱਕਤ ਨਹੀਂ ਜਿਸਦੇ ਉਹ ਹੱਕਦਾਰ ਹਨ। ਇਸ ਦਾ ਇੱਕੋ ਇੱਕ ਕਾਰਨ ਲੋਕ ਸੰਗੀਤ ਵਿੱਚੋਂ ਲੋਕ ਮਨਫ਼ੀ ਹੋ ਰਹੇ ਹਨ ਅਤੇ ਮੰਡੀ ਦਾ ਦਖ਼ਲ ਵਧ ਗਿਆ ਹੈ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਬੁਲਾਵੇ ਤੇ ਇਹ ਵਿਚਾਰ ਪੇਸ਼ ਕਰਦਿਆਂ ਪਿਛਲੇ ਛੇ ਦਹਾਕਿਆਂ ਤੋਂ ਲੋਕ ਸੰਗੀਤ ਵਿੱਚ ਵਡਮੁੱਲਾ ਯੋਗਦਾਨ ਪਾਉਂਦੇ ਲੋਕ ਫਨਕਾਰ ਤੇ ਪਾਰਲੀਮੈਂਟ ਮੈਂਬਰ ਜਨਾਬ ਮੁਹੰਮਦ ਸਦੀਕ ਨੇ ਕਿਹਾ ਕਿ ਸਾਨੂੰ ਆਪਣਾ ਲੋਕ ਸੰਗੀਤ ਬਚਾਉਣ ਲਈ ਨਿਰੰਤਰ ਸੁਚੇਤ ਪੱਧਰ ਤੇ ਹੰਭਲੇ ਮਾਰਨੇ ਪੈਣਗੇ। ਲੋਕ ਸਾਜ਼, ਲੋਕ ਤਰਜ਼ਾਂ ਤੇ ਲੋਕ ਅੰਦਾਜ਼ ਅੱਜ ਵੀ ਸ਼ਕਤੀਸ਼ਾਲੀ ਹੈ ਪਰ ਨਵੇਂ ਯੁਗ ਦੇ ਨਵੇਂ ਸਰੋਤਿਆਂ ਅਤੇ ਗਾਇਕਾਂ ਨੇ ਮੰਡੀ ਮੁਤਾਬਕ ਆਪਣੇ ਆਪ ਨੂੰ ਢਾਲ ਲਿਆ ਹੈ। ਉਨ੍ਹਾਂ ਪੁਰਾਣੇ ਵਕਤ ਦੇ ਸੰਗੀਤਕਾਰ ਉਸਤਾਦ ਜਸਵੰਤ ਭੰਵਰਾ, ਗਾਇਕ ਹਰਚਰਨ ਗਰੇਵਾਲ, ਨਰਿੰਦਰ ਬੀਬਾ, ਲੇਖਕ ਗਿਆਨ ਚੰਦ ਧਵਨ, ਨੰਦ ਲਾਲ ਨੂਰਪੁਰੀ ਤੇ ਗੁਰਦੇਵ ਸਿੰਘ ਮਾਨ ਨਾਲ ਸਬੰਧਿਤ ਯਾਦਾਂ ਦੇ ਹਵਾਲੇ ਨਾਲ ਦੱਸਿਆ ਕਿ ਉਹ ਸਾਰੇ ਕਿੰਨੇ ਸਿਰਜਣਾਤਮਕ ਸਨ। ਉਦੋਂ ਗਾਇਕ ਵੀ ਸਾਹਿੱਤ ਪੜ੍ਹਦੇ ਤੇ ਵਿਚਾਰਦੇ ਸਨ। ਉਨ੍ਹਾਂ ਦੱਸਿਆ ਕਿ ਸਃ ਬਾਬੂ ਸਿੰਘ ਮਾਨ ਦੀ ਚੀਨ ਦੀ ਜੰਗ ਬਾਰੇ ਰਚਨਾ ਦਿੱਲੀ ਤੋਂ ਛਪਦੇ ਰਸਾਲੇ ਫ਼ਤਹਿ ਚੋਂ ਪੜ੍ਹ ਕੇ ਹੀ ਉਨ੍ਹਾਂ ਨਾਲ ਸੰਪਰਕ ਕੀਤਾ ਤੇ ਲਗਪਗ ਤਿੰਨ ਦਹਾਕੇ ਰਲ ਕੇ ਕੰਮ ਕੀਤਾ। ਰਣਜੀਤ ਕੌਰ, ਮੁਹੰਮਦ ਸਦੀਕ ਤੇ ਬਾਬੂ ਸਿੰਘ ਮਾਨ ਇੱਕ ਦੂਜੇ ਦੇ ਪੂਰਕ ਸਨ। ਜਨਾਬ ਮੁਹੰਮਦ ਸਦੀਕ ਵੱਲੋਂ ਇਤਿਹਾਸ ਦੀਆਂ ਗਲੀਆਂ ਬਾਰੇ ਜਾਣੂੰ ਕਰਵਾਉਣ ਲਈ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਧੰਨਵਾਦ ਕਰਦਿਆਂ ਕਿਹਾ ਕਿ ਸਦੀਕ ਸਾਹਿਬ ਦੇ ਇੰਦਰਜੀਤ ਹਸਨਪੁਰੀ ਵੱਲੋਂ ਲਿਖੇ ਰੀਕਾਰਡ ਗੀਤ ਮੈਂ ਗੱਭਰੂ ਪੰਜਾਬ ਦਾ ਮੇਰੀਆਂ ਰੀਸਾਂ ਕੌਣ ਕਰੇ ਤੋਂ ਲੈ ਕੇ ਹੁਣ ਤੀਕ ਉਨ੍ਹਾਂ ਦੀ ਸ਼ਬਦ ਪੇਸ਼ਕਾਰੀ ਵਿਚਲੀ ਨਾਟਕੀਅਤਾ ਤੇ ਦਿਲਕਸ਼ ਤਰਜ਼ਾਂ ਚ ਭਿੱਜੀ ਆਵਾਜ਼ ਹੀ ਉਨ੍ਹਾਂ ਦੀ ਨਿਵੇਕਲੀ ਪਛਾਣ ਨੂੰ ਪਰਪੱਕ ਕਰਦੀ ਹੈ। ਇਸ ਮੌਕੇ ਗੁਰਭਜਨ ਗਿੱਲ ਨੇ ਮੁਹੰਮਦ ਸਦੀਕ ਜੀ ਨੂੰ ਆਪਣੀਂ ਨਵ ਪ੍ਰਕਾਸ਼ਿਤ ਪੁਸਤਕਾਂ ਦਾ ਸੈੱਟ ਭੇਂਟ ਕੀਤਾ। ਇਸ ਮੌਕੇ ਸਃ ਗੁਰਜੀਤ ਸਿੰਘ ਢਿੱਲੋਂ(ਰਾਜਪੁਰਾ) ਨੇ ਵੀ ਸਦੀਕ ਸਾਹਿਬ ਨਾਲ ਜਵਾਨੀ ਵੇਲੇ ਦੀਆਂ ਯਾਦਾਂ ਸਾਂਝੀਆਂ ਕੀਤੀਆਂ।