ਮਾਨਸਾ ਜ਼ਿਲੇ ਦੇ 6 ਅਧਿਆਪਕ ਹੋਣਗੇ ਰਾਜ ਪੱਧਰੀ ਸਮਾਗਮ ਵਿਚ ਸਨਮਾਨਿਤ

ਮਾਨਸਾ, 4 ਸਤੰਬਰ " ਅਧਿਆਪਕ ਦਿਵਸ ਮੌਕੇ ਪੰਜਾਬ ਸਰਕਾਰ ਵਲੋਂ ਸਿੱਖਿਆ ਖੇਤਰ ਵਿਚ ਮਹੱਤਵਪੂਰਨ ਯੋਗਦਾਨ ਪਾਉਣ, ਵਿਦਿਆਰਥੀਆਂ ਨੂੰ ਪੜ੍ਹਨ ਲਈ ਪ੍ਰੇਰਿਤ ਕਰਨ, ਸਕੂਲਾਂ ਦਾ ਸੱਭਿਆਚਾਰਕ ਅਤੇ ਵਾਤਾਵਰਣ ਵਧੀਆ ਬਣਾ ਕੇ ਰੱਖਣ ਦੇ ਮਕਸਦ ਨਾਲ ਮੋਗਾ ਵਿਖੇ ਪੰਜਾਬ ਸਰਕਾਰ ਵਲੋਂ 5 ਸਤੰਬਰ ਨੂੰ ਕਰਵਾਏ ਜਾ ਰਹੇ ਰਾਜ ਪੱਧਰੀ ਅਧਿਆਪਕ ਦਿਵਸ ਸਮਾਗਮ ਵਿਚ ਪੰਜਾਬ ਭਰ ਦੇ ਅਧਿਆਪਕਾਂ ਦੇ ਨਾਲ ਮਾਨਸਾ ਜ਼ਿਲੇ ਦੇ ਵੀ 6 ਅਧਿਆਪਕਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਹ ਐਵਾਰਡ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅਧਿਆਪਕਾਂ ਨੂੰ ਦਿੱਤੇ ਜਾਣਗੇ। ਪੰਜਾਬ ਸਰਕਾਰ ਨੇ ਮਾਨਸਾ ਜ਼ਿਲੇ ਦੇ 6 ਅਧਿਆਪਕਾਂ ਦੀ ਚੋਣ ਕੀਤੀ ਹੈ। ਇਸ ਵਿਚ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਕੁਲਰੀਆਂ ਦੇ ਲੈਕਚਰਾਰ ਨਰਸੀ ਸਿੰਘ, ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਭੰਮੇ ਕਲਾਂ ਦੇ ਲੈਕਚਰਾਰ ਗੁਰਪਿਆਰ ਸਿੰਘ, ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਸ਼ਾਹਪੁਰ ਮਾਸਟਰ ਕੇਡਰ ਦੇ ਅਧਿਆਪਕ ਦਿਲਬਾਗ ਸਿੰਘ, ਸ਼ਹੀਦ ਜਗਸੀਰ ਸਿੰਘ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਬੋਹਾ ਦੇ ਅਧਿਆਪਕ ਨਵਨੀਤ ਕੱਕੜ, ਗੌਰਮਿੰਟ ਪ੍ਰਾਇਮਰੀ ਸਕੂਲ ਧਲੇਵਾਂ ਦੇ ਅਧਿਆਪਕ ਗੁਰਨਾਮ ਸਿੰਘ ਨੂੰ ਅਧਿਆਪਕ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਦਾਤੇਵਾਸ ਦੇ ਅਧਿਆਪਕ ਗੁਰਪ੍ਰੀਤ ਸਿੰਘ ਨੂੰ ਯੰਗ ਮਾਸਟਰ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।