ਮਾਨਸਾ, 06 ਮਾਰਚ : ਜ਼ਿਲ੍ਹੇ ਵਿਚ ਲੋਕਾਂ ਦੀ ਸੁਵਿਧਾ ਲਈ ਸਥਾਪਿਤ ਕੀਤੇ ਸਾਂਝ ਕੇਂਦਰ ਸਮਾਂਬੱਧ ਅਤੇ ਸੁਖਾਵੇਂ ਮਾਹੌਲ ਵਿਚ ਪੁਲਿਸ ਵਿਭਾਗ ਨਾਲ ਸਬੰਧਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਲਾਹੇਵੰਦ ਸਬਿਤ ਹੋ ਰਹੇ ਹਨ। ਜ਼ਿਲ੍ਹਾ ਪੱਧਰ ’ਤੇ ਚਲ ਰਿਹਾ ਸਾਂਝ ਕੇਂਦਰ, ਸਬ ਡਵੀਜ਼ਨ ਪੱਧਰ ’ਤੇ 3 ਸਾਂਝ ਕੇਂਦਰਾਂ ਸਮੇਤ 12 ਥਾਣਿਆਂ ’ਚ ਵੀ ਪੁਲਿਸ ਸਟੇਸ਼ਨ ਸਾਂਝ ਕੇਂਦਰ ਚਲ ਰਹੇ ਹਨ। ਇਹ ਜਾਣਕਾਰੀ ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਦਿੱਤੀ। ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਫਰਵਰੀ ਮਹੀਨੇ ਦੌਰਾਨ ਵੱਖ-ਵੱਖ ਸਾਂਝ ਕੇਂਦਰਾਂ ਤੋਂ 4136 ਵਿਅਕਤੀਆਂ ਨੇ ਵੱਖੋ-ਵੱਖਰੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਆਧੁਨਿਕ ਸਹੂਲਤਾਂ ਅਤੇ ਕੰਪਿਊਟਰਾਈਜ਼ਡ ਪ੍ਰਣਾਲੀ ਨਾਲ ਲੈਸ ਸਾਂਝ ਕੇਂਦਰ ਪੁਲਿਸ ਅਤੇ ਲੋਕਾਂ ਦੀ ਆਪਸੀ ਸਾਂਝ ਲਈ ਵੀ ਸਹਾਈ ਸਾਬਿਤ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਂਝ ਕੇਂਦਰਾਂ ’ਤੇ ਹਰੇਕ ਸੇਵਾ ਨੂੰ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਮੁਹੱਈਆ ਕਰਵਾਉਣ ਲਈ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਹੋਏ ਹਨ, ਤਾਂ ਜੋ ਸਾਂਝ ਕੇਂਦਰਾਂ ’ਤੇ ਆਉਣ ਵਾਲੇ ਲੋਕਾਂ ਨੂੰ ਬਿਨ੍ਹਾਂ ਕਿਸੇ ਖੱਜਲ ਖੁਆਰੀ ਤੋਂ ਪੁਲਿਸ ਵਿਭਾਗ ਨਾਲ ਲੋੜੀਂਦੀ ਸੇਵਾ ਲੈਣ ਵਿਚ ਕੋਈ ਦਿੱਕਤ ਨਾ ਆਵੇ। ਉਨ੍ਹਾਂ ਦੱਸਿਆ ਕਿ ਫਰਵਰੀ ਮਹੀਨੇ ਦੌਰਾਨ ਅਸਲਾ ਲਾਇਸੰਸ ਨੂੰ ਨਵਿਆਉਣ ਸਬੰਧੀ ਪੜਤਾਲ ਦੇ 218, ਅਸਲੇ ਦੇ ਵਾਧੇ-ਘਾਟੇ ਲਈ 13 ਦਰਖ਼ਾਸਤਾਂ, ਐਫ.ਆਈ.ਆਰ ਅਤੇ ਡੀ.ਡੀ.ਆਰ. ਸਬੰਧੀ 674, ਕਿਰਾਏਦਾਰਾਂ ਅਤੇ ਨੌਕਰਾਂ ਦੇ ਚਾਲ-ਚਲਣ ਸਬੰਧੀ 25, ਗੱਡੀਆਂ ਦੇ ਇਤਰਾਜਹੀਣਤਾ ਸਰਟੀਫਿਕੇਟ ਸਬੰਧੀ 275 ਅਤੇ ਸਰਵਿਸ ਵੈਰੀਫਿਕੇਸ਼ਨ ਸਬੰਧੀ ਪ੍ਰਾਪਤ ਹੋਈਆਂ 243 ਦਰਖਾਸਤਾਂ ਦਾ ਨਿਪਟਾਰਾ ਨਿਸ਼ਚਿਤ ਸਮੇਂ ਸੀਮਾ ਅੰਦਰ ਕੀਤਾ ਜਾ ਚੁੱਕਾ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਇਸ ਤੋਂ ਇਲਾਵਾ ਚਾਲ-ਚਲਣ ਤਸਦੀਕ ਕਰਨ ਸਬੰਧੀ 541, ਪਾਸਪੋਰਟ ਵੈਰੀਫਿਕੇਸ਼ਨ ਸਬੰਧੀ 1354, ਸ਼ਿਕਾਇਤਾਂ ਦੀ ਪੜਤਾਲ ਸਬੰਧੀ 402, ਸ਼ਿਕਾਇਤਾਂ ਸਬੰਧੀ ਕੀਤੀ ਗਈ ਕਾਰਵਾਈ ਦੀ ਸੂਚਨਾ ਦੇਣ ਸਬੰਧੀ 372 ਅਤੇ ਪਾਸਪੋਰਟ ਨਾਲ ਸਬੰਧਿਤ ਹੋਰ ਸੇਵਾਵਾਂ ਸਬੰਧੀ ਕੁੱਲ 11 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ। ਇਸ ਤੋਂ ਇਲਾਵਾ ਹੋਰ ਸੇਵਾਵਾਂ ਸਬੰਧੀ 8 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ।