ਤੀਸਰਾ ਸੁਵਿਧਾ ਕੈਂਪ : ਪਾਣੀ, ਬਿਜਲੀ, ਸੜਕਾਂ ਅਤੇ ਨਿੱਜੀ ਮੁਸ਼ਿਕਲਾਂ ਦਾ ਕੀਤਾ ਮੌਕੇ ਤੇ ਹੱਲ

  • ਪਿੰਡ ਖਾਰਾ ਵਿਖੇ ਸਪੀਕਰ ਸੰਧਵਾਂ ਤੇ ਡੀ.ਸੀ. ਰਹੇ ਵਿਸ਼ੇਸ਼ ਤੌਰ ਤੇ ਹਾਜ਼ਰ
  • ਨਾਲ ਲੱਗਦੇ 4 ਪਿੰਡਾਂ ਦੇ ਵਸਨੀਕਾਂ ਨੇ ਭਰੀ ਹਾਜ਼ਰੀ

ਕੋਟਕਪੂਰਾ, 28 ਜੂਨ 2024 : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਹੁਕਮਾਂ ਤੇ ਲਗਾਏ ਜਾ ਰਹੇ ਕੈਂਪਾਂ ਦੀ ਲੜੀ ਤਹਿਤ ਅੱਜ ਪਿੰਡ ਖਾਰਾ ਵਿਖੇ ਤੀਸਰੇ ਗੇੜ ਦੇ ਸੁਵਿਧਾ ਕੈਂਪ ਦੌਰਾਨ ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਇਸ ਪਿੰਡ ਅਤੇ ਆਸ ਪਾਸ ਦੇ 3 ਹੋਰ ਪਿੰਡਾਂ ਦੇ ਕਈ ਸਾਂਝੇ ਅਤੇ ਨਿੱਜੀ ਮਸਲੇ ਹੱਲ ਕੀਤੇ। ਖਾਰਾ ਤੋਂ ਇਲਾਵਾ ਵਾੜਾਦਰਾਕਾ, ਮੌੜ ਅਤੇ ਠਾੜ੍ਹ  ਪਿੰਡਾਂ ਦੇ ਲੋਕਾਂ ਨੇ ਵੀ ਸਰਕਾਰ ਦੇ ਇਸ ਉਪਰਾਲੇ ਦਾ ਫਾਇਦਾ ਚੱਕਿਆ। ਇਨ੍ਹਾਂ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਪਹੁੰਚੇ ਆਮ ਵਸਨੀਕਾਂ ਤੋਂ ਇਲਾਵਾ ਪੰਚਾਇਤਾਂ ਅਤੇ ਸਰਪੰਚਾਂ ਨੇ ਵੀ ਕੈਂਪ ਵਿੱਚ ਸ਼ਮੂਲੀਅਤ ਕੀਤੀ। ਲੋਕਾਂ ਦੀ ਖੱਜਲ ਖੁਆਰੀ ਘਟਾਉਣ ਦੀ ਇਸ ਮੁਹਿੰਮ ਦੀ ਸਲਾਘਾ ਕਰਦਿਆਂ ਲੋਕਾਂ ਨੇ ਮੁੱਢਲੀਆਂ ਸਹੂਲਤਾਂ, ਨਿੱਜੀ ਦਰਖਾਸਤਾਂ, ਜਮੀਨਾਂ ਦੇ ਝਗੜੇ, ਥਾਣਿਆਂ ਦੇ ਰੌਲੇ, ਨੋਜਵਾਨਾਂ ਲਈ ਖੇਡਾਂ ਦੀ ਮੰਗ ਅਤੇ ਮੁੱਖ ਤੌਰ ਤੇ ਲੋਕਾਂ ਵੱਲੋਂ ਬਿਜਲੀ ਦੀਆਂ ਤਾਰਾਂ ਅਤੇ ਬਿਜਲੀ ਮੀਟਰ ਨਾਲ ਸਬੰਧਤ ਮਸਲੇ ਸਪੀਕਰ ਵਿਧਾਨ ਸਭਾ ਅਤੇ ਡਿਪਟੀ ਕਮਿਸ਼ਨਰ ਦੇ ਧਿਆਨ ਹਿੱਤ ਲਿਆਂਦੇ। ਸਪੀਕਰ ਸੰਧਵਾਂ ਨੇ ਜਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਦੀ ਸਮੁੱਚੀ ਟੀਮ ਵੱਲੋਂ ਇਸ ਪਿੰਡ ਪਹੁੰਚ ਕੇ ਤੜਕਸਾਰ ਹੀ ਕਾਊਂਟਰ ਲਗਾ ਕੇ ਲੋਕਾਂ ਦੀਆਂ ਦਰਖਾਸਤਾਂ ਤੇ ਨਿੱਜੀ ਤੌਰ ਤੇ ਦਿਲਚਸਪੀ ਲੈ ਕੇ ਤੱਸਲੀਬਖਸ਼ ਨਿਪਟਾਰੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਅਤੇ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਗਰਮੀ ਦੀ ਪ੍ਰਵਾਹ ਕੀਤੇ ਬਿਨ੍ਹਾਂ ਹਰ ਪਹੁੰਚਣ ਵਾਲੇ ਫਰਿਆਦੀ ਦੀ ਤਸੱਲੀਬਖਸ਼ ਸੁਣਵਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਜਿਆਦਾਤਰ ਦਰਖਾਸਤਾਂ ਦਾ ਡਿਪਟੀ ਕਮਿਸ਼ਨਰ ਵੱਲੋਂ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਹਿ ਗਈਆਂ ਅਰਜੀਆਂ ਤੇ ਵੀ ਡਿਪਟੀ ਕਮਿਸ਼ਨਰ ਨੇ ਨੋਟਿੰਗ ਲਗਾ ਕੇ ਸਬੰਧਤ ਮਹਿਕਮੇ ਨੂੰ ਪਹਿਲ ਦੇ ਅਧਾਰ ਤੇ ਨਬੇੜਣ ਲਈ ਲਿੱਖ ਦਿੱਤਾ ਗਿਆ ਹੈ। ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਦੇ ਕੈਂਪ ਦੌਰਾਨ ਕੁੱਲ 148 ਸ਼ਿਕਾਇਤਾਂ ਪ੍ਰਾਪਤ ਹੋਈਆਂ । ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਨਾਲ ਸਬੰਧਤ 20 ਵਿੱਚੋਂ 20 ਅਰਜੀਆਂ, ਸਿਹਤ ਵਿਭਾਗ ਦੀਆਂ 5 ਵਿੱਚੋਂ 4 ਅਰਜੀਆਂ, ਲੇਬਰ ਵਿਭਾਗ ਦੀਆਂ 17 ਵਿੱਚੋਂ 17 ਅਰਜੀਆਂ, ਸਮਾਜਿਕ ਸੁਰਖਿਆਂ ਤੇ ਨਿਆਂਕਾਰਤਾ ਵਿਭਾਗ ਦੀਆਂ 8 ਵਿੱਚੋਂ 8 ਅਰਜੀਆਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਹਿੰਦੀਆਂ ਅਰਜੀਆਂ ਤੇ ਵੀ ਕਾਰਵਾਈ ਕਰਕੇ ਜਲਦੀ ਹੀ ਹੱਲ ਕਰ ਦਿੱਤਾ ਜਾਵੇਗਾ।